ਹੋਮਗਾਰਡ ਹੀ ਨਿਕਲਿਆ ਗੈਂਗਸਟਰ; 35 ਸਾਲ ਭੰਬਲਭੂਸੇ ''ਚ ਪਾਈ ਪੁਲਸ, ਇੰਝ ਖੁੱਲ੍ਹਿਆ ਰਾਜ

Thursday, Jan 09, 2025 - 04:46 PM (IST)

ਹੋਮਗਾਰਡ ਹੀ ਨਿਕਲਿਆ ਗੈਂਗਸਟਰ; 35 ਸਾਲ ਭੰਬਲਭੂਸੇ ''ਚ ਪਾਈ ਪੁਲਸ, ਇੰਝ ਖੁੱਲ੍ਹਿਆ ਰਾਜ

ਆਜ਼ਮਗੜ੍ਹ- ਕਈ ਵਾਰ ਵੱਡੇ-ਵੱਡੇ ਗੈਂਗਸਟਰ ਵੀ ਪੁਲਸ ਨੂੰ ਚਕਮਾ ਦੇਣ 'ਚ ਸਫ਼ਲ ਰਹਿੰਦੇ ਹਨ। ਪਰ ਜਿਸ ਮਾਮਲੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਪਿਛਲੇ 35 ਸਾਲਾਂ ਤੋਂ ਹੋਮਗਾਰਡ ਵਜੋਂ ਤਾਇਨਾਤ ਗੈਂਗਸਟਰ ਨਕਦੂ ਤੋਂ ਨੰਦਲਾਲ ਬਣ ਕੇ ਨੌਕਰੀ ਕਰਦਾ ਰਿਹਾ। ਆਖ਼ਰਕਾਰ ਉਹ ਦਿਨ ਆ ਹੀ ਗਿਆ ਕਿ ਉਹ ਸਸਪੈਂਡ ਹੋ ਗਿਆ। ਜਾਂਚ ਵਿਚ ਫਰਜ਼ੀਵਾੜਾ ਦੀ ਪੁਸ਼ਟੀ ਹੋਣ ਦੀ ਗੱਲ ਸਾਹਮਣੇ ਆਉਣ 'ਤੇ  ਆਜ਼ਮਗੜ੍ਹ ਪੁਲਸ ਨੇ ਕਾਰਵਾਈ ਕਰਦਿਆਂ  ਉਸ ਨੂੰ ਮੁਅੱਤਲ ਕਰ ਦਿੱਤਾ ਹੈ। 

ਨਕਦੂ ਤੋਂ ਨੰਦਲਾਲ ਬਣ ਕੇ ਕਰਦਾ ਰਿਹਾ ਨੌਕਰੀ

ਦਰਅਸਲ ਨੰਦਲਾਲ ਦਾ ਰੂਪ ਧਾਰਣ ਵਾਲਾ ਮੁਲਜ਼ਮ ਨਕਦੂ ਥਾਣਾ ਰਾਨੀ ਦੀ ਸਰਾਏ 'ਚ ਹੋਮਗਾਰਡ ਵਜੋਂ ਤਾਇਨਾਤ ਸੀ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਮੁਲਜ਼ਮ ਦੇ ਭਤੀਜੇ ਦੀ ਸ਼ਿਕਾਇਤ 'ਤੇ ਤਤਕਾਲੀ ਡੀਆਈਜੀ ਵੈਭਵ ਕ੍ਰਿਸ਼ਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ। ਦੋਸ਼ੀ ਨਕਦੂ ਖਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ ਦੇ ਕਈ ਮਾਮਲੇ ਦਰਜ ਸਨ। ਸਤੰਬਰ 1989 ਤੋਂ ਲੈ ਕੇ 2024 ਤੱਕ ਜ਼ਿਲ੍ਹੇ ਦੇ ਰਾਨੀ ਕੀ ਸਰਾਏ ਅਤੇ ਮੇਂਹਨਗਰ ਥਾਣੇ ਵਿਚ ਨੌਕਰੀ ਕਰਦਾ ਰਿਹਾ ਪਰ ਕਿਸੇ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ ਸੀ।

ਇੰਝ ਮਾਮਲਾ ਆਇਆ ਸਾਹਮਣੇ 

ਜਾਣਕਾਰੀ ਅਨੁਸਾਰ ਮੁਲਜ਼ਮ ਨਕਦੂ ਦੇ ਭਤੀਜੇ ਨੇ 3 ਦਸੰਬਰ ਨੂੰ ਡੀ. ਆਈ. ਜੀ ਵੈਭਵ ਕ੍ਰਿਸ਼ਨ ਨੂੰ ਉਸ ਖ਼ਿਲਾਫ਼ ਸ਼ਿਕਾਇਤ ਕੀਤੀ ਸੀ, ਜਿਸ 'ਚ ਦੋਸ਼ ਲਾਇਆ ਸੀ ਕਿ ਉਸ ਦਾ ਚਾਚਾ 35 ਸਾਲਾਂ ਤੋਂ ਧੋਖੇ ਨਾਲ ਹੋਮਗਾਰਡ ਵਜੋਂ ਕੰਮ ਕਰ ਰਿਹਾ ਹੈ। ਇਸ 'ਤੇ ਡੀ. ਆਈ. ਜੀ ਨੇ ਜਾਂਚ ਦੇ ਹੁਕਮ ਦਿੱਤੇ। ਜਾਂਚ ਤੋਂ ਪਤਾ ਲੱਗਾ ਹੈ ਕਿ ਰਾਣੀ ਕੀ ਸਰਾਏ ਥਾਣਾ ਖੇਤਰ ਦੇ ਚਕਵਾੜਾ ਦੇ ਰਹਿਣ ਵਾਲੇ ਨਕਦੂ ਖਿਲਾਫ 1984 'ਚ ਕਤਲ ਅਤੇ ਸਬੂਤ ਲੁਕਾਉਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ।

ਨਕਦੂ 'ਤੇ ਕਈ ਤਰ੍ਹਾਂ ਦੇ ਅਪਰਾਧਿਕ ਮਾਮਲੇ ਦਰਜ 

ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ 1984 'ਚ ਨਕਦੂ ਨੇ ਜਹਾਨਗੰਜ ਥਾਣਾ ਖੇਤਰ ਦੇ ਰਹਿਣ ਵਾਲੇ ਮੁੰਨਾ ਯਾਦਵ ਦੀ ਰੰਜਿਸ਼ ਦੇ ਚੱਲਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ 1987 'ਚ ਨਕਦੂ ਖਿਲਾਫ ਲੁੱਟ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ 1988 'ਚ ਨਕਦੂ ਖਿਲਾਫ ਗੈਂਗਸਟਰ ਦੀ ਕਾਰਵਾਈ ਕੀਤੀ ਗਈ। ਇਸ ਦੀ ਹਿਸਟਰੀ ਸ਼ੀਟ ਖੋਲ੍ਹੀ ਗਈ ਤਾਂ ਜਾਂਚ ਵਿਚ ਪਤਾ ਲੱਗਾ ਕਿ ਨਕਦੂ ਯਾਦਵ ਨੇ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਚੌਥੀ ਜਮਾਤ ਤੱਕ ਪੜ੍ਹਾਈ ਕੀਤੀ ਸੀ। ਅੱਠਵੀਂ ਜਮਾਤ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਸਾਲ 1989 ਵਿਚ ਹੋਮਗਾਰਡ ਦੀ ਨੌਕਰੀ ਹਾਸਲ ਕੀਤੀ।

ਨਕਦੂ ਤੋਂ ਬਣਿਆ ਨੰਦਲਾਲ

ਮੁਲਜ਼ਮ ਨਕਦੂ ਨੇ ਨੌਕਰੀ ਦਿਵਾਉਣ ਲਈ ਆਪਣੀ ਪਛਾਣ ਵੀ ਬਦਲ ਲਈ। 1990 ਤੋਂ ਪਹਿਲਾਂ ਮੁਲਜ਼ਮ ਦੀ ਪਛਾਣ ਨਕਦੂ ਯਾਦਵ ਪੁੱਤਰ ਲੋਕਾਈ ਯਾਦਵ ਵਜੋਂ ਹੋਈ ਸੀ। ਇਸ ਤੋਂ ਬਾਅਦ ਉਹ 1990 ਵਿਚ ਨਕਦੂ ਤੋਂ ਨੰਦਲਾਲ ਬਣ ਗਿਆ।

1989 'ਚ ਗੈਂਗਸਟਰ ਬਣਨ ਤੋਂ ਬਾਅਦ 1989 'ਚ ਬਣਿਆ ਹੋਮਗਾਰਡ

ਦੋਸ਼ੀ ਨੰਦਲਾਲ ਯਾਦਵ ਸਤੰਬਰ 1989 ਵਿਚ ਹੋਮ ਗਾਰਡ ਵਿਭਾਗ ਵਿਚ ਭਰਤੀ ਹੋ ਗਿਆ। ਦਿਲਚਸਪ ਗੱਲ ਇਹ ਹੈ ਕਿ ਹਿਸਟਰੀਸ਼ੀਟਰ ਹੋਣ ਦੇ ਬਾਵਜੂਦ ਰਾਣੀ ਕੀ ਸਰਾਏ ਥਾਣੇ ਦੇ ਤਤਕਾਲੀ ਇੰਚਾਰਜ ਅਤੇ ਸਥਾਨਕ ਇਟੈਲੀਜੈਂਸ ਟੀਮ ਨੇ ਵੀ ਸਤੰਬਰ 1992 ਵਿਚ ਦੋਸ਼ੀ ਹੋਮਗਾਰਡ ਦੇ ਚਰਿੱਤਰ ਸਰਟੀਫਿਕੇਟ 'ਤੇ ਦਸਤਖਤ ਕੀਤੇ ਸਨ। 


author

Tanu

Content Editor

Related News