ਛੱਤੀਸਗੜ੍ਹ ਦੀਆਂ ਜੇਲਾਂ ''ਚੋਂ 3418 ਕੈਦੀ ਕੀਤੇ ਗਏ ਰਿਹਾਅ
Sunday, May 17, 2020 - 04:39 PM (IST)
ਰਾਏਪੁਰ-ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਜੇਲਾਂ 'ਚ ਭੀੜ ਘੱਟ ਕਰਨ ਲਈ ਸੁਪਰੀਮ ਕੋਰਟ ਦੇ ਨਿਰਦੇਸ਼ ਮੁਤਾਬਕ ਛੱਤੀਸਗੜ੍ਹ 'ਚ 3418 ਵਿਚਾਰਅਧੀਨ ਕੈਦੀਆਂ ਨੂੰ ਰਿਹਾਅ ਕੀਤਾ ਗਿਆ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਲੋਕ ਸੰਪਰਕ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਜ਼ਮਾਨਤ ਅਤੇ ਪੈਰੋਲ ਦੇਣ ਦੀ ਪ੍ਰਕਿਰਿਆ ਮਾਰਚ ਦੇ ਆਖਰੀ ਹਫਤੇ 'ਚ ਸ਼ੁਰੂ ਹੋਈ ਸੀ। ਉਨ੍ਹਾਂ ਨੇ ਦੱਸਿਆ, "11 ਮਈ ਤੱਕ ਸੂਬੇ ਦੀਆਂ 33 ਜੇਲਾਂ ਤੋਂ 1269 ਕੈਦੀਆਂ ਨੂੰ ਅੰਤਰਿਮ ਜ਼ਮਾਨਤ, 1844 ਨੂੰ ਨਿਯਮਿਤ ਜ਼ਮਾਨਤ ਅਤੇ 305 ਲੋਕਾਂ ਨੂੰ ਪੈਰੋਲ ਦਿੱਤੀ ਗਈ।"
ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਜ਼ਾ ਪੂਰੀ ਕਰਨ ਵਾਲੇ 100 ਕੈਦੀਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ। ਸੁਪਰੀਮ ਕੋਰਟ ਨੇ ਮਾਰਚ ਮਹੀਨੇ 'ਚ ਸਾਰੇ ਸੂਬਿਆਂ ਜਾਂ ਕੇਂਦਰ ਸ਼ਾਸਿਤ ਸੂਬਿਆਂ ਨੂੰ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਜੇਲਾਂ 'ਚ ਭੀੜ ਘੱਟ ਕਰਨ ਲਈ ਵੱਖ-ਵੱਖ ਅਪਰਾਧਾਂ 'ਚ 7 ਸਾਲ ਤੱਕ ਦੀ ਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਜਾਂ ਵਿਚਾਰ ਅਧੀਨ ਕੈਦੀਆਂ ਨੂੰ ਪੈਰੋਲ ਜਾਂ ਅੰਤਰਿਮ ਜ਼ਮਾਨਤ 'ਤੇ ਰਿਹਾਅ ਕਰਨ 'ਤੇ ਵਿਚਾਰ ਕਰਨ ਲਈ ਉਚ ਪੱਧਰੀ ਕਮੇਟੀਆਂ ਗਠਿਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਅਧਿਕਾਰੀਆਂ ਮੁਤਾਬਕ ਕੈਦੀਆਂ ਨੂੰ ਜ਼ਮਾਨਤ ਜਾਂ ਪੈਰੋਲ ਦੇਣ ਦੇ ਮਾਮਲੇ 'ਤੇ ਵਿਚਾਰ ਲਈ ਛੱਤੀਸਗੜ੍ਹ ਹਾਈਕੋਰਟ ਦੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਅਗਵਾਈ 'ਚ 3 ਪੱਧਰੀ ਇਕ ਉੱਚ ਅਧਿਕਾਰ ਪ੍ਰਾਪਤ ਕਮੇਟੀ ਬਣਾਈ ਗਈ ਸੀ।