ਹਾਥਰਸ ਭਾਜੜ ਕਾਂਡ ''ਚ 3200 ਪੰਨਿਆਂ ਦੀ ਚਾਰਜਸ਼ੀਟ ਦਾਖਲ, 11 ਲੋਕਾਂ ਖਿਲਾਫ਼ ਦੋਸ਼

Thursday, Oct 03, 2024 - 10:42 AM (IST)

ਹਾਥਰਸ- ਉੱਤਰ ਪ੍ਰਦੇਸ਼ ਦੇ ਸਿਕੰਦਰਾਰਾਊ 'ਚ ਇਸ ਸਾਲ 2 ਜੁਲਾਈ ਨੂੰ ਆਯੋਜਿਤ ਸਤਿਸੰਗ 'ਚ ਮਚੀ ਭਾਜੜ ਦੌਰਾਨ 121 ਭਗਤਾਂ ਦੀ ਮੌਤ ਦੇ ਮਾਮਲੇ 'ਚ ਪੁਲਸ ਨੇ 3200 ਪੰਨਿਆਂ ਦੀ ਚਾਰਜਸ਼ੀਟ ਕੋਰਟ 'ਚ ਦਾਖ਼ਲ ਕੀਤੀ ਹੈ। ਦੱਸ ਦੇਈਏ ਕਿ ‘ਭੋਲੇ ਬਾਬਾ’ ਦੇ ਸਮਾਗਮ ਦੇ ਦੌਰਾਨ ਭਾਜੜ ’ਚ 121 ਭਗਤਾਂ ਦੀ ਜਾਨ ਚਲੀ ਗਈ ਸੀ। ਪੁਲਸ ਨੇ ਇਸ ਮਾਮਲੇ ਵਿਚ ਪ੍ਰੋਗਰਾਮ ਦੀ ਆਗਿਆ ਲੈਣ ਵਾਲੇ 11 ਲੋਕਾਂ ਨੂੰ ਦੋਸ਼ੀ ਬਣਾਇਆ ਹੈ।

11 ਲੋਕਾਂ ਖਿਲਾਫ਼ ਦੋਸ਼ ਤੈਅ

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚਾਰਜਸ਼ੀਟ ’ਚ 11 ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ, ਜਿਨ੍ਹਾਂ ’ਚ ਪ੍ਰੋਗਰਾਮ ਦੀ ਇਜਾਜ਼ਤ ਹਾਸਲ ਕਰਨ ਵਾਲੇ ਵਿਅਕਤੀ ਵੀ ਸ਼ਾਮਲ ਹਨ। ਬਚਾਅ ਪੱਖ ਦੇ ਵਕੀਲ ਏ. ਪੀ. ਸਿੰਘ ਨੇ ਦੱਸਿਆ ਕਿ ਪੁਲਸ ਨੇ ਅਦਾਲਤ ’ਚ 3200 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਚਾਰਜਸ਼ੀਟ ਦੀਆਂ ਕਾਪੀਆਂ ਮੁਹੱਈਆ ਕਰਵਾਉਣ ਲਈ 4 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਪ੍ਰੋਗਰਾਮ ਦੇ ਮੁੱਖ ਆਯੋਜਕ ਦੇਵ ਪ੍ਰਕਾਸ਼ ਮਧੂਕਰ ਸਮੇਤ 10 ਮੁਲਜ਼ਮਾਂ ਨੂੰ ਅਲੀਗੜ੍ਹ ਜ਼ਿਲਾ ਜੇਲ੍ਹ ਤੋਂ ਹਾਥਰਸ ਜ਼ਿਲਾ ਅਦਾਲਤ ’ਚ ਪੇਸ਼ ਕੀਤਾ ਗਿਆ। ਇਕ ਮੁਲਜ਼ਮ ਮੰਜੂ ਯਾਦਵ ਫਿਲਹਾਲ ਇਲਾਹਾਬਾਦ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਦੇ ਬਾਅਦ ਬਾਹਰ ਹੈ।

ਕੀ ਹੈ ਪੂਰਾ ਮਾਮਲਾ

ਹਾਥਰਸ ਜ਼ਿਲੇ ਦੇ ਸਿਕੰਦਰਰਾਊ ਇਲਾਕੇ ਦੇ ਫੁੱਲਰਾਈ ਪਿੰਡ ’ਚ 2 ਜੁਲਾਈ ਨੂੰ ਸੂਰਜਪਾਲ ਉਰਫ ਭੋਲੇ ਬਾਬਾ ਉਰਫ ਨਾਰਾਇਣ ਸਾਕਾਰ ਹਰੀ ਦੇ ਸਮਾਗਮ ਦੌਰਾਨ ਪਈ ਭਾਜੜ ’ਚ ਕੁੱਲ 121 ਭਗਤਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ‘ਅਖੌਤੀ’ ਬਾਬੇ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ‘ਕੁਝ ਅਣਪਛਾਤੇ ਵਿਅਕਤੀਆਂ’ ਵੱਲੋਂ ‘ਜ਼ਹਿਰੀਲੀ ਸਪਰੇਅ’ ਛਿੜਕਣ ਕਾਰਨ ਭਾਜੜ ਮਚੀ। ਪੁਲਸ ਨੇ ਇਸ ਮਾਮਲੇ ਵਿਚ ਸਿਕੰਦਰਾਰਾਊ ਕੋਤਵਾਲੀ ਵਿਚ ਕੇਸ ਦਰਜ ਕੀਤਾ। ਇਸ ਕੇਸ ਦੀ ਜਾਣਕਾਰੀ ਸੀ. ਓ. ਸਿਟੀ ਰਾਮਪ੍ਰਵੇਸ਼ ਰਾਏ ਨੂੰ ਦਿੱਤੀ ਗਈ। ਉਨ੍ਹਾਂ ਨਾਲ ਸਹਾਇਕ ਦੇ ਰੂਪ ਵਿਚ ਕੋਤਵਾਲੀ ਸਦਰ ਇੰਸਪੈਕਟਰ ਵਿਜੇ ਕੁਮਾਰ ਸਿੰਘ ਨੂੰ ਲਾਇਆ ਗਿਆ। ਲਗਾਤਾਰ ਪੂਰੇ ਮਾਮਲੇ ਵਿਚ ਚਾਰਜਸ਼ੀਟ ਤਿਆਰ ਕਰਨ ਲਈ ਘਟਨਾ ਵਾਲੀ ਥਾਂ 'ਤੇ ਗਏ।

ਪੁਲਸ 150 ਲੋਕਾਂ ਦੇ ਬਿਆਨ ਕਰ ਚੁੱਕੀ ਹੈ ਦਰਜ

ਪੁਲਸ ਮੁਤਾਬਕ ਜੋ ਲੋਕ ਇਸ ਸਤਿਸੰਗ ਨਾਲ ਜੁੜੇ ਸਨ ਅਤੇ ਚਸ਼ਮਦੀਦ ਸਨ, ਉਨ੍ਹਾਂ ਸਾਰਿਆਂ ਦੇ ਬਿਆਨ ਦਰਜ ਕੀਤੇ ਗਏ। ਐੱਸ. ਆਈ. ਟੀ. ਵੀ ਇਸ ਮਾਮਲੇ ਵਿਚ 150 ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਸੀ। ਇਸ ਤੋਂ ਇਲਾਵਾ ਜਿਨ੍ਹਾਂ ਸ਼ਰਧਾਲੂਆਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਪਰਿਵਾਰਾਂ ਦੇ ਬਿਆਨ ਵੀ ਲਏ ਗਏ ਹਨ। ਇਨ੍ਹਾਂ ਸਾਰੇ ਸਬੂਤਾਂ ਨੂੰ ਪੂਰਾ ਕਰਨ ਮਗਰੋਂ ਮੰਗਲਵਾਰ ਨੂੰ ਪੁਲਸ ਨੇ ਮੁੱਖ ਨਿਆਂਇਕ ਮੈਜਿਸਟ੍ਰੇਟ ਕੋਰਟ 'ਚ 3200 ਪੰਨਿਆਂ ਦੀ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਕੋਰਟ ਨੇ ਅਜੇ ਚਾਰਜਸ਼ੀਟ ਦਾ ਨੋਟਿਸ ਨਹੀਂ ਲਿਆ ਹੈ। 


Tanu

Content Editor

Related News