ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਬਦਮਾਸ਼ 3 ਲੱਖ ਰੁਪਏ ਲੁੱਟ ਕੇ ਹੋਏ ਫਰਾਰ

9/19/2020 4:33:52 PM

ਸ਼੍ਰੀਗੰਗਾਨਗਰ— ਰਾਜਸਥਾਨ ਦੇ ਬੀਕਾਨੇਰ ਸ਼ਹਿਰ ਵਿਚ ਅੱਜ ਦਿਨ-ਦਿਹਾੜੇ ਇਕ ਡਾਕ ਘਰ ਵਿਚ ਬਦਮਾਸ਼ਾਂ ਨੇ ਗੋਲੀਬਾਰੀ ਕਰ ਕੇ 3 ਲੱਖ ਰੁਪਏ ਲੁੱਟ ਲਏ। ਪੁਲਸ ਮੁਤਾਬਕ ਸਵੇਰੇ ਕਰੀਬ 11 ਵਜੇ ਮੋਟਰ ਸਾਈਕਲ ’ਤੇ ਆਏ ਦੋ ਨਕਾਬਪੋਸ਼ ਬਦਮਾਸ਼ਾਂ ਨੇ ਨਯਾ ਸ਼ਹਿਰ ਥਾਣਾ ਖੇਤਰ ਵਿਚ ਰੇਲਵੇ ਵਰਕਸ਼ਾਪ ਕਾਲੋਨੀ ਦੇ ਮੁੱਖ ਡਾਕ ਘਰ ’ਚ ਗੋਲੀਬਾਰੀ ਕਰ ਕੇ ਕਰੀਬ 3 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਬਦਮਾਸ਼ਾਂ ਨੇ ਡਾਕ ਘਰ ਵਿਚ ਆਉਂਦੇ ਹੀ ਕਾਮਿਆਂ ਨੂੰ ਧਮਕਾਇਆ ਅਤੇ ਨਕਦੀ ਹਵਾਲੇ ਕਰ ਦੇਣ ਲਈ ਕਿਹਾ। ਕਾਮਿਆਂ ਨੇ ਵਿਰੋਧ ਕੀਤਾ ਤਾਂ ਇਕ ਬਦਮਾਸ਼ ਨੇ ਪਿਸਤੌਲ ਤੋਂ ਗੋਲੀਬਾਰੀ ਕਰ ਦਿੱਤੀ, ਜੋ ਕੰਧ ’ਚ ਲੱਗੀ। ਗੋਲੀ ਚੱਲਣ ਤੋਂ ਕਾਮੇ ਘਬਰਾ ਗਏ। ਉਨ੍ਹਾਂ ਨੇ ਕੈਸ਼ ਕਾਊਂਟਰ ’ਤੇ ਰੱਖੀ ਨਕਦੀ ਬਦਮਾਸ਼ਾਂ ਦੇ ਹਵਾਲੇ ਕਰ ਦਿੱਤੀ, ਜਿਸ ਨੂੰ ਲੈ ਕੇ ਉਹ ਦੋਵੇਂ ਨਕਾਪੋਸ਼ ਬਦਮਾਸ਼ ਫਰਾਰ ਹੋ ਗਏ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਸਬ-ਇੰਸਪੈਕਟਰ ਸੁਭਾਸ਼ ਸ਼ਰਮਾ ਅਤੇ ਨਯਾ ਸ਼ਹਿਰ ਥਾਣਾ ਮੁਖੀ ਭਿਵਾਨੀ ਸਿੰਘ ਘਟਨਾ ਵਾਲੀ ਥਾਂ ’ਤੇ ਪਹੁੰਚੇ। ਇਸ ਦੇ ਨਾਲ ਹੀ ਆਲੇ-ਦੁਆਲੇ ਦੇ ਇਲਾਕੇ ਵਿਚ ਲੁਟੇਰਿਆਂ ਨੂੰ ਫੜਨ ਲਈ ਨਾਕਾਬੰਦੀ ਕਰਵਾਈ ਗਈ। ਸ਼ਰਮਾ ਨੇ ਦੱਸਿਆ ਕਿ ਬਦਮਾਸ਼ ਲੱਗਭਗ 3 ਲੱਖ ਰੁਪਏ ਲੈ ਕੇ ਫਰਾਰ ਹੋ ਗਏ, ਜਿਨ੍ਹਾਂ ਦਾ ਪਤਾ ਲਾਉਣ ਲਈ ਆਲੇ-ਦੁਆਲੇ ਦੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਬਦਮਾਸ਼ ਵਲੋਂ ਚਲਾਈ ਗਈ ਗੋਲੀ ਕੰਧ ’ਚ ਲੱਗੀ। ਚੰਗੀ ਗੱਲ ਇਹ ਰਹੀ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਡਾਕ ਘਰ ਵਿਚ ਸੀ. ਸੀ. ਟੀ. ਵੀ. ਕੈਮਰੇ ਨਹੀਂ ਲੱਗੇ ਹਨ। 


Tanu

Content Editor Tanu