RSS ''ਤੇ ਹਮਲੇ ਦੀ ਸਾਜ਼ਿਸ਼ ਨਾਕਾਮ, ISI ਦੇ 3 ਸ਼ੂਟਰ ਗ੍ਰਿਫਤਾਰ
Saturday, Jan 19, 2019 - 07:12 PM (IST)

ਨਵੀਂ ਦਿੱਲੀ— ਦਿੱਲੀ ਪੁਲਸ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦੀ ਇਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਦਿੱਲੀ ਪੁਲਸ ਦੀ ਵਿਸ਼ੇਸ਼ ਬ੍ਰਾਂਚ ਨੇ ਦੱਖਣੀ ਭਾਰਤ ਦੇ ਸਾਮਾਜਿਕ ਤੇ ਧਾਰਮਿਕ ਸੰਗਠਨ ਦੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਇਕ ਵਿਦੇਸ਼ੀ ਨਾਗਰਿਕ ਸਣੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਸ ਡਿਪਟੀ ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਅਫਗਾਨਿਸਤਾਨ ਦੇ ਨਾਗਰਿਕ ਵਲੀ ਮੁਹੰਮਦ ਸਾ ਵਾਈਫੀ ਤੇ ਸ਼ੇਖ ਰਿਆਜਦੀਨ ਉਰਫ ਰਾਜ਼ਾ ਤੇ ਮੋਹਤਸ਼ਿਮ ਸੀ.ਐੱਮ. ਉਰਫ ਤਸਲੀਮ ਦੇ ਰੂਪ 'ਚ ਹੋਈ ਹੈ। ਸੂਤਰਾਂ ਮੁਤਾਬਕ ਇਨ੍ਹਾਂ 'ਚੋਂ ਇਕ ਦੋਸ਼ੀ ਅੰਡਰਵਰਲਡ ਡਾਨ ਦਾਊਦ ਇਬ੍ਰਾਹਿਮ ਦੇ ਕਰੀਬੀ ਗੁਲਾਮ ਰਸੂਲ ਪੱਟੀ ਦਾ ਆਦਮੀ ਹੈ।
ਸ਼ੁਰੂਆਤੀ ਜਾਂਚ ਤੇ ਪੁੱਛਗਿੱਛ 'ਚ ਪਤਾ ਲੱਗਾ ਕਿ ਇਨ੍ਹਾਂ ਸ਼ੂਟਰਸ ਦੇ ਨਿਸ਼ਾਨੇ 'ਤੇ ਦੱਖਣੀ ਭਾਰਤ 'ਚ ਰਾਸ਼ਟਰੀ ਸਵੈ ਸੇਵਕ ਸੰਘ ਦੇ ਕਈ ਨੇਤਾ ਸਨ। ਉਨ੍ਹਾਂ ਦਾ ਮਕਸਦ ਗਣਤੰਤਰ ਦਿਵਸ ਤੋਂ ਪਹਿਲਾਂ ਦੇਸ਼ 'ਚ ਦੰਗੇ ਫੈਲਾਉਣਾ ਸੀ। ਇਸ ਦੇ ਲਈ ਵਲੀ ਮੁਹੰਮਦ ਨੂੰ ਖਾਸ ਤੌਰ 'ਤੇ ਟ੍ਰੇਨਿੰਗ ਦੇ ਕੇ ਕਾਬੁਲ ਤੋਂ ਭਾਰਤ ਭੇਜਿਆ ਗਿਆ ਸੀ। ਰਸੂਲ ਖਾਨ ਗੁਜਰਾਤ ਦਾ ਰਹਿਣ ਵਾਲਾ ਹੈ ਤੇ ਉਥੇ ਹੋਏ 2002 'ਚ ਦੰਗਿਆਂ ਤੋਂ ਬਾਅਦ ਫਰਾਰ ਹੋ ਗਿਆ ਸੀ। ਜਦੋਂ ਉਹ ਆਰ.ਐੱਸ.ਐੱਸ. ਨੇਤਾਵਾਂ ਦੀ ਹੱਤਿਆ ਦੀ ਸਾਜ਼ਿਸ਼ ਰਚ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਸੀ।
ਜ਼ਿਕਰਯੋਗ ਹੈ ਕਿ 4 ਮਹੀਨੇ ਪਹਿਲਾਂ ਭਾਰਤੀ ਏਜੰਸੀ ਨੇ ਇਕ ਫੋਨ ਕਾਲ ਇੰਟਰਸੈਪਟ ਕੀਤਾ ਸੀ, ਜਿਸ 'ਚ ਦੱਖਣੀ ਭਾਰਤ ਦੇ ਕਈ ਇਲਾਕਿਆਂ 'ਚ ਆਰ.ਐੱਸ.ਐੱਸ. ਨਾਲ ਜੁੜੇ ਪ੍ਰਚਾਰਕਾਂ ਨੂੰ ਮਾਰਨ ਦੀ ਗੱਲ ਕੀਤੀ ਜਾ ਰਹੀ ਸੀ। ਇਹ ਜਾਣਕਾਰੀ ਮਿਲਦਿਆਂ ਹੀ ਦਿੱਲੀ ਪੁਲਸ ਦੀ ਸਪੈਸ਼ਲ ਸੈਲ ਟੀਮ ਨੇ ਤਫਤੀਸ਼ ਸ਼ੁਰੂ ਕੀਤੀ ਤੇ ਰਾਅ ਦੀ ਮਦਦ ਨਾਲ ਇਕ ਸ਼ੱਕੀ ਨੂੰ ਕੇਰਲ ਤੇ 2 ਨੂੰ ਦਿੱਲੀ ਤੋਂ ਗ੍ਰਿਫਥਾਰ ਕੀਤਾ ਗਿਆ।