ਖੇਤੀ ਬਿੱਲ ਅੱਜ ਰਾਜ ਸਭਾ ’ਚ ਹੋਵੇਗਾ ਪੇਸ਼, ਸਰਕਾਰ ਨੂੰ ਸਮਰਥਨ ਦੀ ਜ਼ਰੂਰਤ

Sunday, Sep 20, 2020 - 07:29 AM (IST)

ਖੇਤੀ ਬਿੱਲ ਅੱਜ ਰਾਜ ਸਭਾ ’ਚ ਹੋਵੇਗਾ ਪੇਸ਼, ਸਰਕਾਰ ਨੂੰ ਸਮਰਥਨ ਦੀ ਜ਼ਰੂਰਤ

ਨਵੀਂ ਦਿੱਲੀ— ਖੇਤੀ ਬਿੱਲ ਅੱਜ ਯਾਨੀ ਕਿ ਐਤਵਾਰ ਨੂੰ ਰਾਜ ਸਭਾ ਵਿਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ 3 ਖੇਤੀ ਬਿੱਲਾਂ ਨੂੰ ਲੈ ਕੇ ਸਦਨ ਦੇ ਬਾਹਰ ਅਤੇ ਅੰਦਰ ਵਿਰੋਧ ਕੀਤਾ ਜਾ ਰਿਹਾ ਹੈ। ਖੇਤੀ ਬਿੱਲ ਨੂੰ ਰਾਜ ਸਭਾ ਤੋਂ ਪਾਸ ਕਰਾਉਣਾ ਸਰਕਾਰ ਲਈ ਵੱਡੀ ਚੁਣੌਤੀ ਬਣ ਗਈ ਹੈ। ਸਰਕਾਰ ਦੀ ਕੋਸ਼ਿਸ਼ ਹੋਵੇਗੀ ਕਿ ਇਸ ਬਿੱਲ ਨੂੰ ਹਰ ਹਾਲ ’ਚ ਪਾਸ ਕਰਵਾ ਲਿਆ ਜਾਵੇ। ਸੰਸਦ ਦੇ ਉੱਪਰੀ ਸਦਨ ਰਾਜ ਸਭਾ ਵਿਚ ਸਰਕਾਰ ਕੋਲ ਬਹੁਮਤ ਨਹੀਂ ਹੈ। ਅਜਿਹੇ ਵਿਚ ਇਸ ਮਹੱਤਵਪੂਰਨ ਬਿੱਲ ਨੂੰ ਪਾਸ ਕਰਾਉਣ ਲਈ ਸਰਕਾਰ ਨੂੰ ਵਿਰੋਧੀ ਧਿਰ ’ਤੇ ਨਿਰਭਰ ਹੋਣਾ ਪੈਂਦਾ ਹੈ। ਹਾਲਾਂਕਿ ਇਸ ਬਿੱਲ ਨੂੰ ਲੈ ਕੇ ਸਰਕਾਰ ਨੂੰ ਭਰੋਸਾ ਹੈ ਕਿ ਇਨ੍ਹਾਂ ਤਿੰਨੋਂ ਬਿੱਲਾਂ ਨੂੰ ਆਸਾਨੀ ਨਾਲ ਪਾਸ ਕਰਵਾ ਲਿਆ ਜਾਵੇਗਾ। ਭਾਜਪਾ ਦੇ ਸਹਿਯੋਗੀ ਅਕਾਲੀ ਦਲ ਨੇ ਵੀ ਇਸ ਬਿੱਲ ਦਾ ਵਿਰੋਧ ਕੀਤਾ ਹੈ। ਅਕਾਲੀ ਦਲ ਦੇ ਰਾਜ ਸਭਾ ਵਿਚ 3 ਸੰਸਦ ਮੈਂਬਰ ਹਨ, ਜਿਨ੍ਹਾਂ ਨੂੰ ਬਿੱਲਾਂ ਵਿਰੁੱਧ ਵੋਟ ਕਰਨ ਲਈ ਪਾਰਟੀ ਨੇ ਵਿਪ੍ਹ ਜਾਰੀ ਕੀਤਾ ਹੈ। 

ਬਿੱਲ ਦੇ ਸਮਰਥਨ ’ਚ ਵੋਟ ਪਾਉਣ ਲਈ ਕੇਂਦਰ ਦੇ ਵੱਡੇ ਮੰਤਰੀ ਵਿਰੋਧੀ ਪਾਰਟੀਆਂ ਨਾਲ ਗੱਲਬਾਤ ’ਚ ਲੱਗੇ ਹੋਏ ਹਨ। ਇਨ੍ਹਾਂ ਬਿੱਲਾਂ ਨੂੰ ਪਾਸ ਕਰਾਉਣ ਲਈ ਬੀ. ਜੇ. ਡੀ., ਵਾਈ. ਐੱਸ. ਆਰ. ਕਾਂਗਰਸ ਅਤੇ ਟੀ. ਆਰ. ਐੱਸ. ਆਦਿ ਪਾਰਟੀਆਂ ਦਾ ਸਮਰਥਨ ਚਾਹੀਦਾ ਹੈ। ਮੰਨਿਆ ਜਾ ਰਿਹਾ ਹੈ ਕਿ ਰਾਜ ਸਭਾ ’ਚ ਬਿੱਲ ਨੂੰ ਸਲੈਕਟ ਕਮੇਟੀ ਨੂੰ ਭੇਜਣ ਦੀ ਮੰਗ ਚੁੱਕੀ ਜਾਵੇਗੀ। ਜੇਕਰ ਸਰਕਾਰ ਗਿਣਤੀ ਯਾਨੀ ਕਿ ਸਮਰਥਨ ਨਹੀਂ ਜੁੱਟਾ ਸਕੀ ਤਾਂ ਬਿੱਲ ਨੂੰ ਕਮੇਟੀ ’ਚ ਭੇਜਣ ’ਤੇ ਮਜ਼ਬੂਰ ਹੋਣਾ ਪਵੇਗਾ। 

ਜ਼ਿਕਰਯੋਗ ਹੈ ਕਿ ਵਿਵਾਦਪੂਰਨ ਖੇਤੀ ਬਿੱਲਾਂ ਨੂੰ ਲੈ ਕੇ ਵੀਰਵਾਰ ਨੂੰ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੋਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ। ਹਰਸਿਮਰਤ ਕੌਰ ਨੇ ਇਹ ਵੀ ਕਿਹਾ ਕਿ ਮੈਂ ਲਗਾਤਾਰ ਕਿਸਾਨਾਂ ਦੀ ਗੱਲ ਕੇਂਦਰ ਤੱਕ ਅਤੇ ਕੇਂਦਰ ਦੀ ਗੱਲ ਕਿਸਾਨਾਂ, ਕਿਸਾਨ ਜਥੇਬੰਦੀਆਂ ਤੱਕ ਪਹੁੰਚਾਉਂਦੀ ਰਹੀ ਪਰ ਸ਼ਾਇਦ ਮੈਂ ਸਰਕਾਰ ਨੂੰ ਆਪਣੀ ਗੱਲ ਸਮਝਾਉਣ ਵਿਚ ਅਸਫਲ ਰਹੀ। ਇਨ੍ਹਾਂ ਬਿੱਲਾਂ ਦਾ ਭਾਰੀ ਵਿਰੋਧ ਕਿਸਾਨ ਕਰ ਰਹੇ ਹਨ। ਉੱਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਬਿੱਲ ਕਿਸਾਨਾਂ ਦੇ ਹੱਕ ਵਿਚ ਹੈ। ਪ੍ਰਧਾਨ ਮੰਤਰੀ ਅਤੇ ਖੇਤੀ ਮੰਤਰੀ ਬਿੱਲ ਦੀ ਤਾਰੀਫ਼ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਕਿਸਾਨਾਂ ਨੂੰ ਵਿਰੋਧੀ ਧਿਰ ਬਹਿਕਾ ਰਹੇ ਹਨ।  

ਬਿੱਲ ਦੇ ਸਮਰਥਨ ’ਚ ਖੜ੍ਹੀਆਂ ਪਾਰਟੀਆਂ—
ਰਾਜ ਸਭਾ ਵਿਚ ਅੰਕ ਗਣਿਤ ’ਤੇ ਝਾਤ ਮਾਰੀ ਜਾਵੇ ਤਾਂ 245 ਮੈਂਬਰਾਂ ਦੀ ਰਾਜ ਸਭਾ ’ਚ ਭਾਜਪਾ 86 ਸੰਸਦ ਮੈਂਬਰਾਂ ਨਾਲ ਸਭ ਤੋਂ ਵੱਡੀ ਪਾਰਟੀ ਹੈ। ਅਕਾਲੀ ਦਲ ਦੇ ਵਿਰੋਧ ਦੇ ਬਾਵਜੂਦ ਸਰਕਾਰ ਨੂੰ ਭਰੋਸਾ ਹੈ ਕਿ ਬੀਜੂ ਜਨਤਾ ਦਲ ਦੇ 9, ਟੀ. ਆਰ. ਐੱਸ. ਦੇ 7, ਵਾਈ. ਐੱਸ. ਆਰ. ਦੇ 6, ਟੀ. ਡੀ. ਪੀ. ਦੇ 1 ਅਤੇ ਕੁਝ ਆਜ਼ਾਦ ਸੰਸਦ ਮੈਂਬਰ ਵੀ ਇਸ ਬਿੱਲ ਦਾ ਸਮਰਥਨ ਕਰ ਸਕਦੇ ਹਨ। ਇਹ ਉਹ ਪਾਰਟੀਆਂ ਹਨ ਜੋ ਨਾ ਤਾਂ ਐੱਨ. ਡੀ. ਏ. ਨਾਲ ਹਨ  ਅਤੇੇ ਨਾ ਹੀ ਯੂ. ਪੀ. ਏ. ਨਾਲ। ਸਰਕਾਰ ਨੂੰ ਭਰੋਸਾ ਹੈ ਕਿ ਬਿੱਲ ਦੇ ਸਮਰਥਨ ’ਚ ਘੱਟ ਤੋਂ ਘੱਟ 130 ਤੋਂ ਵਧੇਰੇ ਵੋਟਾਂ ਪੈਣਗੀਆਂ।

ਬਿੱਲ ਦੇ ਵਿਰੋਧ ਵਿਚ ਇਨ੍ਹਾਂ ਪਾਰਟੀਆਂ ’ਤੇ ਰਹੇਗੀ ਨਜ਼ਰ—
ਰਾਜ ਸਭਾ ਵਿਚ ਅਜੇ 86 ਸੰਸਦ ਮੈਂਬਰ ਭਾਜਪਾ ਸਭ ਤੋਂ ਵੱਡੀ, ਜਦਕਿ 40 ਮੈਂਬਰਾਂ ਨਾਲ ਕਾਂਗਰਸ ਦੂਜੀ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਦੇ 3 ਰਾਜ ਸਭਾ ਸੰਸਦ ਮੈਂਬਰ ਨਿਸ਼ਚਿਤ ਰੂਪ ਨਾਲ ਬਿੱਲ ਦੇ ਵਿਰੋਧ ਵਿਚ ਵੋਟ ਕਰਨਗੇ। ਆਮ ਆਦਮੀ ਪਾਰਟੀ ਦੇ 3 ਮੈਂਬਰ, ਸਮਾਜਵਾਦੀ ਪਾਰਟੀ ਦੇ 8, ਬੀ. ਐੱਸ. ਪੀ. ਦੇ 4 ਸੰਸਦ ਮੈਂਬਰ ਵੀ ਬਿੱਲ ਦੇ ਵਿਰੋਧ ’ਚ ਵੋਟ ਕਰਨਗੇ। ਬਿੱਲ ਦਾ ਵਿਰੋਧ ਕਰ ਰਹੇ ਦਲਾਂ ਦਾ ਮੁਲਾਂਕਣ ਕਰਨ ’ਤੇ ਰਾਜ ਸਭਾ ਵਿਚ 100 ਸੰਸਦ ਮੈਂਬਰਾਂ ਦੇ ਖੇਤੀ ਬਿੱਲਾਂ ਦੇ ਵਿਰੋਧ ’ਚ ਵੋਟ ਕਰਨ ਦਾ ਅਨੁਮਾਨ ਹੈ। ਹਾਲਾਂਕਿ ਕੁਝ ਛੋਟੇ ਦਲਾਂ ਨੇ ਆਪਣਾ ਪੱਖ ਸਾਫ ਨਹੀਂ ਕੀਤਾ ਹੈ। ਇਨ੍ਹਾਂ ਪਾਰਟੀਆਂ ਦੇ ਰਾਜ ਸਭਾ ਵਿਚ ਕਰੀਬ ਦਰਜਨ ਭਰ ਸੰਸਦ ਮੈਂਬਰ ਹਨ।


author

Tanu

Content Editor

Related News