ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਹੋਰੈਇਨ ਨਾਲ ਫੜੇ ਗਏ 4 ਦੋਸ਼ੀ
Wednesday, Jun 08, 2022 - 02:35 PM (IST)
ਜੈਪੁਰ (ਵਾਰਤਾ)- ਭਾਰਤ-ਪਾਕਿਸਤਾਨ ਸਰਹੱਦ 'ਤੇ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ 'ਚ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 3.6 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜ਼ਬਤ ਹੈਰੋਇਨ ਦੀ ਬਜ਼ਾਰ ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਹੈਰੋਇਨ ਨੂੰ ਮੰਗਲਵਾਰ ਨੂੰ ਇਕ ਪਾਕਿਸਤਾਨੀ ਡਰੋਨ ਨੇ ਭਾਰਤੀ ਸਰਹੱਦ 'ਚ ਸੁੱਟ ਦਿੱਤਾ ਸੀ। ਗ੍ਰਿਫ਼ਤਾਰ ਤਸਕਰਾਂ ਤੋਂ ਬੀ.ਐੱਸ.ਐੱਫ. ਪੁੱਛ-ਗਿੱਛ ਕਰ ਰਹੀ ਹੈ। ਪਿਛਲੇ ਇਕ ਹਫ਼ਤੇ 'ਚ ਸਰਹੱਦ 'ਤੇ ਨਸ਼ੀਲੇ ਪਦਾਰਥਾਂ ਦੇ ਫੜੇ ਜਾਣ ਦੀ ਇਹ ਦੂਜੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ ਵੀ ਡਰੋਨ ਰਾਹੀਂ ਡਰੱਗ ਭਾਰਤ 'ਚ ਸੁੱਟਿਆ ਗਿਆ ਸੀ।
ਜਾਣਕਾਰੀ ਅਨੁਸਾਰ ਗਜਸਿੰਘਪੁਰ ਥਾਣਾ ਖੇਤਰ ਸਥਿਤ ਖਿਆਲੀਵਾਲਾ ਚੈੱਕ ਪੋਸਟ ਤੋਂ ਨਸ਼ੀਲੇ ਪਦਾਰਥ ਦੀ ਇਹ ਖੇਪ ਬਰਾਮਦ ਹੋਈ ਹੈ। ਬੀ.ਐੱਸ.ਐੱਫ. ਨੇ ਮੰਗਲਵਾਰ ਤੜਕੇ ਆਪਣੀ ਬਰਾਂਚ ਦੇ ਇਨਪੁਟ 'ਤੇ ਕਾਰਵਾਈ ਕੀਤੀ। ਬੀ.ਐੱਸ.ਐੱਫ. ਨੇ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 3.6 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਹੈਰੋਇਨ ਨੂੰ ਇਕ ਬੰਡਲ 'ਚ ਰੱਖਿਆ ਗਿਆ ਸੀ ਅਤੇ ਡਰੋਨ ਰਾਹੀਂ ਭਾਰਤੀ ਸਰਹੱਦ 'ਤੇ ਪਹੁੰਚਾਇਆ ਗਿਆ ਸੀ। ਬੀ.ਐੱਸ.ਐੱਫ. ਦੀ ਗ੍ਰਿਫ਼ਤ 'ਚ ਆਏ ਚਾਰ ਤਸਕਰ ਪੰਜਾਬ ਦੇ ਰਹਿਣ ਵਾਲੇ ਹਨ। ਦੋਸ਼ੀਆਂ ਦੀ ਪਛਾਣ ਨਿਰਮਲ ਸਿੰਘ, ਰਵਿੰਦਰ ਸਿੰਘ, ਜਸਪ੍ਰੀਤ ਅਤੇ ਲਵਪ੍ਰੀਤ ਵਜੋਂ ਹੋਈ ਹੈ, ਜਿਨ੍ਹਾਂ ਤੋਂ ਬੀ.ਐੱਸ.ਐੱਫ. ਦੇ ਅਧਿਕਾਰੀ ਉਨ੍ਹਾਂ ਤੋਂ ਪੁੱਛ-ਗਿੱਛ ਕਰ ਰਹੇ ਹਨ। ਹਾਲੇ ਕੁਝ ਦਿਨ ਪਹਿਲਾਂ ਹੀ 5 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਕੋਲੋਂ 35 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਸੀ।