ਹਵਾਈ ਅੱਡੇ ਤੋਂ ਮਹਿਲਾ ਯਾਤਰੀ ਕੋਲੋਂ iPhone 16 Pro Max ਦੇ 26 ਮੋਬਾਇਲ ਜ਼ਬਤ
Wednesday, Oct 02, 2024 - 05:25 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਇਕ ਮਹਿਲਾ ਯਾਤਰੀ ਦੇ ਬੈਗ 'ਚ ਲੁਕਾ ਕੇ ਰੱਖੇ ਗਏ ਆਈਫੋਨ-16 ਪ੍ਰੋ ਮੈਕਸ ਦੇ 26 ਮੋਬਾਈਲ ਫੋਨ ਜ਼ਬਤ ਕੀਤੇ। ਕਸਟਮ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ ਮੁਤਾਬਕ ਹਾਂਗਕਾਂਗ ਤੋਂ ਦਿੱਲੀ ਆ ਰਹੀ ਇਕ ਮਹਿਲਾ ਯਾਤਰੀ ਨੂੰ ਮੰਗਲਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰੋਕਿਆ ਗਿਆ। ਔਰਤ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਮਹਿਲਾ ਯਾਤਰੀ ਅਤੇ ਉਸ ਦੇ ਸਮਾਨ ਦੀ ਤਲਾਸ਼ੀ ਲੈਣ 'ਤੇ ਬੈਗ ਵਿਚ ਟਿਸ਼ੂ ਪੇਪਰ ਵਿਚ ਲਪੇਟ ਕੇ ਰੱਖੇ ਗਏ ਆਈਫੋਨ 16 ਪ੍ਰੋ ਮੈਕਸ ਦੇ 26 ਮੋਬਾਈਲ ਬਰਾਮਦ ਹੋਏ। ਔਰਤ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਪਰ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਇਕ ਇਕਲੌਤੀ ਘਟਨਾ ਹੈ ਜਾਂ ਮਹਿੰਗੇ ਇਲੈਕਟ੍ਰਾਨਿਕ ਸਮਾਨ ਨਾਲ ਸਬੰਧਤ ਕਿਸੇ ਵੱਡੀ ਤਸਕਰੀ ਦਾ ਮਾਮਲਾ ਹੈ।
ਬਿਆਨ 'ਚ ਕਿਹਾ ਗਿਆ ਹੈ,''ਬਰਾਮਦ ਕੀਤੇ ਆਈਫੋਨ ਨੂੰ ਕਸਟਮ ਐਕਟ, 1962 ਦੀ ਧਾਰਾ 110 ਦੇ ਤਹਿਤ ਜ਼ਬਤ ਕਰ ਲਿਆ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।'' ਕਸਟਮ ਵਿਭਾਗ ਨੇ ਜ਼ਬਤ ਕੀਤੇ ਆਈਫੋਨ ਦੀ ਕੁੱਲ ਕੀਮਤ 30,66,328 ਰੁਪਏ ਦੱਸੀ ਹੈ। ਆਈਫੋਨ-16 Pro Max ਨੂੰ ਪਿਛਲੇ ਮਹੀਨੇ ਲਾਂਚ ਕੀਤਾ ਗਿਆ ਸੀ। ਪ੍ਰੋ ਮੈਕਸ ਐਪਲ ਦੇ ਮੋਬਾਈਲ ਫੋਨ ਆਈਫੋਨ-16 ਸੀਰੀਜ਼ ਦਾ ਟਾਪ ਮਾਡਲ ਹੈ। ਐਪਲ ਇੰਡੀਆ ਦੀ ਵੈੱਬਸਾਈਟ 'ਤੇ ਮੌਜੂਦ ਜਾਣਕਾਰੀ ਮੁਤਾਬਕ ਬਾਜ਼ਾਰ 'ਚ ਇਨ੍ਹਾਂ ਫੋਨਾਂ ਦੀ ਖੇਪ ਦੀ ਅੰਦਾਜ਼ਨ ਕੀਮਤ 37 ਲੱਖ ਰੁਪਏ ਤੋਂ ਜ਼ਿਆਦਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਕਸਟਮ ਵਿਭਾਗ ਉੱਚ ਪੱਧਰੀ ਇਲੈਕਟ੍ਰਾਨਿਕ ਵਸਤੂਆਂ ਦੀ ਦਰਾਮਦ ਸਬੰਧੀ ਨਿਯਮਾਂ ਨੂੰ ਲਾਗੂ ਅਤੇ ਇਸ ਸੰਬੰਧ 'ਚ ਨਿਗਰਾਨੀ ਜਾਰੀ ਰੱਖੇ ਹੋਏ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8