ਨਵੇਂ ਸੰਸਦ ਭਵਨ ਦੇ ਉਦਘਾਟਨ ''ਚ 7 ਗੈਰ ਐੱਨ.ਡੀ.ਏ. ਦਲਾਂ ਸਣੇ 25 ਪਾਰਟੀਆਂ ਹੋਣਗੀਆਂ ਸ਼ਾਮਲ
Thursday, May 25, 2023 - 08:23 PM (IST)
ਨਵੀਂ ਦਿੱਲੀ- ਨਵੇਂ ਸੰਸਦ ਭਵਨ ਦੇ ਉਦਘਾਟਨ 'ਚ ਗੈਰ ਐੱਨ.ਡੀ.ਏ. ਦਲਾਂ ਸਣੇ 25 ਪਾਰਟੀਆਂ ਸ਼ਾਮਲ ਹੋਣਗੀਆਂ। ਬਸਪਾ, ਅਕਾਲੀ ਦਲ, ਜੇ.ਡੀ.ਐੱਸ., ਟੀ.ਡੀ.ਪੀ., ਐੱਲ.ਜੇ.ਪੀ., ਵਾਈ.ਐੱਸ.ਆਰ.ਸੀ.ਪੀ. ਅਤੇ ਬੀ.ਜੇ.ਡੀ. ਸਣੇ 25 ਪਾਰਟੀਆਂ ਉਦਘਾਟਨ ਸਮਾਰੋਹ 'ਚ ਸ਼ਾਮਲ ਹੋਣਗੀਆਂ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਵੀ ਇਸ ਸਮਾਰੋਹ 'ਚ ਸ਼ਾਮਲ ਹੋਣਗੇ। ਇਸਦੇ ਨਾਲ ਹੀ ਐੱਨ.ਡੀ.ਏ. ਘਟਕ ਦੇ 18 ਦਲ ਉਦਘਾਟਨ 'ਚ ਹਿੱਸਾ ਲੈਣਗੇ।
ਦੱਸ ਦੇਈਏ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਕ ਪਾਸੇ ਕਾਂਗਰਸ ਸਣੇ ਵਿਰੋਧੀ ਪਾਰਟੀਆਂ ਨੇ ਇਹ ਕਹਿ ਕੇ ਉਦਘਾਟਨ ਤੋਂ ਕਿਨਾਰਾ ਕਰ ਲਿਆ ਹੈ ਕਿ ਨਵੀਂ ਸੰਸਦ ਦਾ ਉਦਘਾਟਨ ਰਾਸ਼ਟਰਪਤੀ ਤੋਂ ਨਹੀਂ ਕਰਵਾਇਆ ਜਾ ਰਿਹਾ। ਕਾਂਗਰਸ ਨੇ ਇਸਨੂੰ ਆਦੀਵਾਸੀ ਸਮਾਜ ਦਾ ਅਪਮਾਨ ਦੱਸਿਆ ਹੈ। ਉਥੇ ਹੀ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕੇਂਦਰ ਸਰਕਾਰ ਦਾ ਸਮਰਥਨ ਕੀਤਾ ਹੈ। ਮਾਇਆਵਤੀ ਤੋਂ ਇਲਾਵਾ ਸਮਾਜਵਾਦੀ ਪਾਰਟੀ ਦੇ ਜਨਰਲ ਸਕੱਤਰ ਰਾਮਗੋਪਾਲ ਯਾਦਵ ਨੇ ਵੀ ਕੇਂਦਰ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਦਾ ਹੱਕ ਹੈ।
ਇਸ ਵਿਚਕਾਰ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਸੰਭਾਵਿਤ ਪ੍ਰੋਗਰਾਮ ਸਾਹਮਣੇ ਆਇਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਕਿੰਨੇ ਵਜੇ ਕੀ ਪ੍ਰੋਗਰਾਮ ਹੋਵੇਗਾ ਅਤੇ ਸੰਸਦ ਦਾ ਉਦਘਾਟਨ ਪ੍ਰੋਗਰਾਮ ਕਿੰਨੇ ਘੰਟੇ ਚੱਲੇਗਾ। ਹਾਲਾਂਕਿ ਉਦਘਾਟਨ ਦਾ ਅਧਿਕਾਰਤ ਪ੍ਰੋਗਰਾਮ ਆਉਣਾ ਅਜੇ ਬਾਕੀ ਹੈ।