ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਵਾਇਨਾਡ ''ਚ ਫਸੇ ਬੰਗਾਲ ਦੇ 242 ਪ੍ਰਵਾਸੀ ਮਜ਼ਦੂਰ: ਮੰਤਰੀ
Friday, Aug 02, 2024 - 09:59 PM (IST)
ਕੋਲਕਾਤਾ — ਪੱਛਮੀ ਬੰਗਾਲ ਦੇ ਲੇਬਰ ਮੰਤਰੀ ਮਲਯ ਘਟਕ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਨੂੰ ਦੱਸਿਆ ਕਿ ਕੇਰਲ ਦੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਵਾਇਨਾਡ ਜ਼ਿਲ੍ਹੇ 'ਚ ਸੂਬੇ ਦੇ 242 ਪ੍ਰਵਾਸੀ ਮਜ਼ਦੂਰ ਫਸੇ ਹੋਏ ਹਨ। ਹਿੰਗਲਗੰਜ ਵਿਧਾਨ ਸਭਾ ਹਲਕੇ ਤੋਂ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਦੇਬਾਸੇ ਮੰਡਲ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਘਟਕ ਨੇ ਸਦਨ ਨੂੰ ਦੱਸਿਆ ਕਿ ਰਾਜ ਪ੍ਰਸ਼ਾਸਨ ਨੇ ਫਸੇ ਹੋਏ 155 ਵਰਕਰਾਂ ਨਾਲ ਸੰਪਰਕ ਕਾਇਮ ਕੀਤਾ ਹੈ।
ਉਨ੍ਹਾਂ ਕਿਹਾ, “ਸਾਡੇ ਅੰਕੜਿਆਂ ਅਨੁਸਾਰ, ਬੰਗਾਲ ਦੇ 242 ਮਜ਼ਦੂਰ ਵਾਇਨਾਡ ਜ਼ਿਲ੍ਹੇ ਵਿੱਚ ਫਸੇ ਹੋਏ ਹਨ। ਅਸੀਂ ਉਨ੍ਹਾਂ ਵਿੱਚੋਂ 155 ਨਾਲ ਸੰਪਰਕ ਸਥਾਪਿਤ ਕੀਤਾ ਹੈ। ਅਸੀਂ ਦੂਜਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।'' ਘਟਕ ਨੇ ਕਿਹਾ ਕਿ ਕਿਉਂਕਿ ਬੰਗਾਲ ਦੇ ਕਾਮੇ ਬਹੁਤ ਹੁਨਰਮੰਦ ਹਨ, ਉਨ੍ਹਾਂ ਦੀ ਦੱਖਣੀ ਰਾਜ ਵਿੱਚ ਹਮੇਸ਼ਾ ਮੰਗ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਫਸੇ ਹੋਏ ਪ੍ਰਵਾਸੀ ਮਜ਼ਦੂਰ ਪੱਛਮੀ ਬੰਗਾਲ ਦੇ ਜਲਪਾਈਗੁੜੀ, ਅਲੀਪੁਰਦੁਆਰ, ਦਾਰਜੀਲਿੰਗ, ਪੱਛਮੀ ਮੇਦਿਨੀਪੁਰ, ਮੁਰਸ਼ਿਦਾਬਾਦ ਅਤੇ ਬੀਰਭੂਮ ਜ਼ਿਲ੍ਹਿਆਂ ਦੇ ਹਨ।
ਮੰਤਰੀ ਨੇ ਕਿਹਾ ਕਿ ਜੇਕਰ ਮਜ਼ਦੂਰ ਪ੍ਰਭਾਵਿਤ ਖੇਤਰ ਤੋਂ ਵਾਪਸ ਆਉਣਾ ਚਾਹੁੰਦੇ ਹਨ, ਤਾਂ ਰਾਜ ਪ੍ਰਸ਼ਾਸਨ ਆਵਾਜਾਈ ਦਾ ਪ੍ਰਬੰਧ ਕਰੇਗਾ ਅਤੇ ਉਨ੍ਹਾਂ ਦੀ ਦੇਖਭਾਲ ਕਰੇਗਾ। ਘਟਕ ਨੇ ਇਹ ਵੀ ਕਿਹਾ ਕਿ ਪੱਛਮੀ ਬੰਗਾਲ ਦੇ ਕੁੱਲ 21,59,737 ਮਜ਼ਦੂਰ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕੰਮ ਕਰ ਰਹੇ ਹਨ।