''ਸਮੁੰਦਰ ਸੇਤੂ ਮੁਹਿੰਮ'' : ਜਲ ਸੈਨਾ ਦੇ ਜਹਾਜ਼ ਰਾਹੀਂ ਈਰਾਨ ਤੋਂ ਵਤਨ ਪਰਤੇ 233 ਭਾਰਤੀ ਨਾਗਰਿਕ

06/11/2020 1:18:13 PM

ਅਹਿਮਦਾਬਾਦ (ਭਾਸ਼ਾ)— ਭਾਰਤੀ ਜਲ ਸੈਨਾ ਦੇ 'ਸਮੁੰਦਰ ਸੇਤੂ' ਮੁਹਿੰਮ ਤਹਿਤ ਭਾਰਤੀ ਜਲ ਸੈਨਿਕ ਜਹਾਜ਼ ਰਾਹੀਂ ਵੀਰਵਾਰ ਭਾਵ ਅੱਜ 233 ਭਾਰਤੀਆਂ ਨੂੰ ਈਰਾਨ ਤੋਂ ਗੁਜਰਾਤ ਲਿਆਂਦਾ ਗਿਆ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਤਾਲਾਬੰਦੀ ਦੇ ਚੱਲਦੇ ਯਾਤਰਾ ਪਾਬੰਦੀਆਂ ਕਾਰਨ ਭਾਰਤੀ ਨਾਗਰਿਕ ਈਰਾਨ ਵਿਚ ਫਸੇ ਸਨ। ਗੁਜਰਾਤ ਵਿਚ ਰੱਖਿਆ ਜਨ ਸੰਪਰਕ ਅਧਿਕਾਰੀ ਪੁਨੀਤ ਚੱਢਾ ਨੇ ਦੱਸਿਆ ਕਿ ਜਹਾਜ਼ ਇਨ੍ਹਾਂ 233 ਭਾਰਤੀਆਂ ਨੂੰ ਲੈ ਕੇ ਈਰਾਨ ਦੇ ਬੰਦਰ ਅੱਬਾਸ ਬੰਦਰਗਾਹ ਤੋਂ 8 ਜੂਨ ਨੂੰ ਰਵਾਨਾ ਹੋਇਆ ਸੀ ਅਤੇ ਵੀਰਵਾਰ ਨੂੰ ਪੋਰਬੰਦਰ ਪੁੱਜਾ।

PunjabKesari
ਇਨ੍ਹਾਂ ਭਾਰਤੀਆਂ ਵਿਚੋਂ ਜ਼ਿਆਦਾਤਰ ਸੂਬੇ ਦੇ ਵਲਸਾੜ ਜ਼ਿਲੇ ਦੇ ਵਾਸੀ ਮਛੇਰੇ ਹਨ। ਚੱਢਾ ਨੇ ਕਿਹਾ ਕਿ ਜਹਾਜ਼ ਪੋਰਬੰਦਰ ਬੰਦਰਗਾਹ 'ਤੇ ਖੜ੍ਹਾ ਹੈ, ਜਿੱਥੇ ਯਾਤਰੀ ਉਤਰੇ। ਸਥਾਨਕ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਭੇਜਣ ਦੇ ਇੰਤਜ਼ਾਮ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਹਾਜ਼ 'ਚ ਸਵਾਰ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਯਾਤਰਾ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਡਾਕਟਰ ਅਤੇ ਸਿਹਤ ਕਾਮੇ ਮੌਜੂਦ ਸਨ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਲਾਗੂ ਤਾਲਾਬੰਦੀ ਕਾਰਨ ਖਾੜੀ ਦੇਸ਼ਾਂ 'ਚ ਫਸੇ ਵੱਡੀ ਗਿਣਤੀ ਵਿਚ ਭਾਰਤੀਆਂ ਦੀ ਵਤਨ ਵਾਪਸੀ ਹੋਈ ਹੈ।


Tanu

Content Editor

Related News