ਦੇਸ਼ ਦੇ 230 ‘VIP’ ਨੂੰ ਮਿਲੀ ਹੈ ਕੇਂਦਰ ਸਰਕਾਰ ਵਲੋਂ ਸੁਰੱਖਿਆ

Tuesday, Mar 09, 2021 - 04:06 PM (IST)

ਨਵੀਂ ਦਿੱਲੀ— ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਵਿਚ 230 ਲੋਕਾਂ ਨੂੰ ਸੀ. ਆਰ. ਪੀ. ਐੱਫ. ਵਰਗੇ ਕੇਂਦਰੀ ਨੀਮ ਫ਼ੌਜੀ ਬਲਾਂ ਵਲੋਂ ‘ਜ਼ੈੱਡ ਪਲੱਸ’, ‘ਜ਼ੈੱਡ’ ਅਤੇ ‘ਵਾਈ’ ਸ਼੍ਰੇਣੀਆਂ ਤਹਿਤ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਰੈੱਡੀ ਨੇ ਲੋਕ ਸਭਾ ਵਿਚ ਇਕ ਪ੍ਰਸ਼ਨ ਦੇ ਲਿਖਤੀ ਉੱਤਰ ਵਿਚ ਇਹ ਜਾਣਕਾਰੀ ਦਿੱਤੀ। 

ਰੈੱਡੀ ਨੇ ਅੱਗੇ ਕਿਹਾ ਕਿ ਸੁਰੱਖਿਆ ਪ੍ਰਾਪਤ ਲੋਕਾਂ ਦੀ ਕੇਂਦਰੀ ਸੂਚੀ ਵਿਚ ਸ਼ਾਮਲ ਵਿਅਕਤੀਆਂ ਦੇ ਸਾਹਮਣੇ ਜ਼ੋਖਮ ਬਾਰੇ ਕੇਂਦਰੀ ਏਜੰਸੀਆਂ ਦੇ ਮੁਲਾਂਕਣ ਦੇ ਆਧਾਰ ’ਤੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਅਤੇ ਇਸ ਦੀ ਸਮੇਂ-ਸਮੇਂ ’ਤੇ ਸਮੀਖਿਆ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀ ਸਮੀਖਿਆ ਦੇ ਆਧਾਰ ’ਤੇ ਸੁਰੱਖਿਆ ਕਵਰ ਜਾਰੀ ਰੱਖਣ, ਵਾਪਸ ਲੈਣ ਜਾਂ ਸੋਧ ਕਰਨ ਦਾ ਫ਼ੈਸਲਾ ਹੁੰਦਾ ਹੈ।

ਮੰਤਰੀ ਨੇ ਦੱਸਿਆ ਕਿ ਮੌਜੂਦਾ ਸਮੇਂ ’ਚ 230 ਲੋਕਾਂ ਦੇ ਨਾਂ ਇਸ ਕੇਂਦਰੀ ਸੂਚੀ ਵਿਚ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਆਮ ਤੌਰ ’ਤੇ ਇਨ੍ਹਾਂ ਲੋਕਾਂ ਦੀ ਸੁਰੱਖਿਆ ’ਤੇ ਹੋਣ ਵਾਲਾ ਖਰਚਾ ਸਰਕਾਰ ਵਲੋਂ ਚੁੱਕਿਆ ਜਾਂਦਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਗੱਲ ਦਾ ਬਿਊਰਾ ਨਹੀਂ ਦਿੱਤਾ ਕਿ ਅਜਿਹੇ ਲੋਕਾਂ ਦੀ ਸੁਰੱਖਿਆ ’ਤੇ ਕੁੱਲ ਕਿੰਨੀ ਰਾਸ਼ੀ ਖਰਚ ਹੁੰਦੀ ਹੈ।


Tanu

Content Editor

Related News