ਕਾਰਗਿਲ ਵਿਜੇ ਦਿਵਸ ਮੌਕੇ ਰਾਜਨਾਥ ਸਿੰਘ ਬੋਲੇ- 'ਸ਼ਹੀਦ ਫ਼ੌਜੀ ਜਵਾਨਾਂ ਨੂੰ ਮੇਰਾ ਸੈਲਿਊਟ'

7/26/2020 11:49:37 AM

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਯਾਨੀ ਕਿ ਐਤਵਾਰ ਨੂੰ ਕਾਰਗਿਲ 'ਚ ਪਾਕਿਸਤਾਨੀ ਫ਼ੌਜ ਨੂੰ ਹਰਾ ਕੇ ਦੇਸ਼ ਲਈ ਸ਼ਹੀਦ ਹੋਣ ਵਾਲੇ ਫ਼ੌਜੀ ਜਵਾਨਾਂ ਨੂੰ ਸਲਾਮ ਕੀਤਾ। ਦੱਸ ਦੇਈਏ ਕਿ ਅੱਜ ਕਾਰਗਿਲ ਵਿਜੇ ਦਿਵਸ ਦੇ 21 ਸਾਲ ਪੂਰੇ ਹੋ ਗਏ ਹਨ। ਸਿੰਘ ਨੇ ਕਾਰਗਿਲ ਸ਼ਹੀਦਾਂ ਨੂੰ ਸਲਾਮ ਕਰਦੇ ਹੋਏ ਲਿਖਿਆ ਕਿ ਕਾਰਗਿਲ ਵਿਜੇ ਦੀ 21 ਸਾਲ ਪੂਰੇ ਹੋਣ ਮੌਕੇ ਮੈਂ ਭਾਰਤੀ ਫ਼ੌਜ ਦੇ ਉਨ੍ਹਾਂ ਜਾਬਾਂਜ਼ ਜਵਾਨਾਂ ਨੂੰ ਸੈਲਿਊਟ ਕਰਨਾ ਚਹਾਂਗਾ, ਜਿਨ੍ਹਾਂ ਨੇ ਦੁਨੀਆ ਵਿਚ ਹਾਲ ਹੀ ਦੇ ਇਤਿਹਾਸ ਦੀ ਸਭ ਤੋਂ ਚੁਣੌਤੀਪੂਰਨ ਸਥਿਤੀ ਵਿਚ ਦੁਸ਼ਮਣ ਨੂੰ ਹਰਾ ਕੇ ਵਿਜੇ ਹਾਸਲ ਕੀਤੀ ਸੀ। 

PunjabKesari

ਦਿੱਲੀ ਵਿਖੇ ਰਾਜਨਾਥ ਸਿੰਘ, ਕੇਂਦਰੀ ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਅਤੇ ਤਿੰਨੋਂ ਫ਼ੌਜ ਮੁਖੀਆਂ ਨੇ ਕਾਰਗਿਲ ਵਿਜੇ ਦਿਵਸ 'ਤੇ ਰਾਸ਼ਟਰੀ ਯੁੱਧ ਸਮਾਰਕ 'ਤੇ ਸ਼ਰਧਾਂਜਲੀ ਭੇਟ ਕੀਤੀ। ਰਾਜਨਾਥ ਸਿੰਘ ਨੇ ਕਿਹਾ ਕਿ ਕਾਰਗਿਲ ਵਿਜੇ ਦਿਵਸ 'ਤੇ ਮੈਂ ਸਮੂਹ ਦੇਸ਼ ਵਾਸੀਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਕਾਰਗਿਲ ਦੀ ਵਿਜੇ ਦਿਵਾਉਣ ਵਾਲੇ ਫ਼ੌਜ ਦੇ ਜਵਾਨਾਂ ਦੀ ਸ਼ਹਾਦਤ ਸਦਾ ਹੀ ਸਾਡੇ ਲਈ ਪ੍ਰੇਰਣਾ ਸਰੋਤ ਦੇ ਰੂਪ ਵਿਚ ਕੰਮ ਕਰੇਗੀ।

PunjabKesari

ਰਾਜਨਾਥ ਨੇ ਅੱਗੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਦੇ ਦਾਇਰੇ ਵਿਚ ਅਸੀਂ ਜੋ ਕੁਝ ਵੀ ਕਰਦੇ ਹਾਂ, ਉਹ ਹਮੇਸ਼ਾ ਆਤਮਰੱਖਿਆ ਲਈ ਕਰਦੇ ਹਾਂ, ਹਮਲਾ ਕਰਨ ਲਈ ਨਹੀਂ। ਜੇਕਰ ਦੁਸ਼ਮਣ ਦੇਸ਼ ਨੇ ਕਦੇ ਸਾਡੇ ਉਪਰ ਹਮਲਾ ਕੀਤਾ, ਤਾਂ ਅਸੀਂ ਇਹ ਵੀ ਸਾਬਤ ਕਰ ਦਿੱਤਾ ਕਿ ਕਾਰਗਿਲ ਦੀ ਤਰ੍ਹਾਂ ਅਸੀਂ ਉਸ ਨੂੰ ਮੂੰਹ ਤੋੜ ਜਵਾਬ ਦੇਵਾਂਗੇ। ਇਸ ਦੇਸ਼ ਨੂੰ ਸੁਰੱਖਿਅਤ ਰੱਖਣ ਦਾ ਕੰਮ ਜੇਕਰ ਸਰਹੱਦ 'ਤੇ ਸਾਡੇ ਫ਼ੌਜੀ ਕਰ ਰਹੇ ਹਨ, ਤਾਂ ਇਸ ਦੀ ਏਕਤਾ, ਅਖੰਡਤਾ ਅਤੇ ਭਾਈਚਾਰੇ ਨੂੰ ਬਰਕਰਾਰ ਰੱਖਣਾ ਸਾਡੀ ਜ਼ਿੰਮੇਵਾਰੀ ਹੈ।

PunjabKesari

ਜ਼ਿਕਰਯੋਗ ਹੈ ਕਿ 21 ਸਾਲ ਪਹਿਲਾਂ 26 ਜੁਲਾਈ 1999 ਨੂੰ ਅੱਜ ਦੇ ਦਿਨ ਭਾਰਤੀ ਜਵਾਨਾਂ ਨੇ ਪਾਕਿਸਤਾਨ ਨੂੰ ਭਾਰਤ ਦੀ ਤਾਕਤ ਦਾ ਅਹਿਸਾਸ ਦਿਵਾਇਆ ਸੀ ਕਿ ਦੇਸ਼ 'ਤੇ ਅੱਖ ਚੁੱਕ ਕੇ ਦੇਖਣ ਵਾਲਿਆਂ ਦਾ ਹਰਸ਼ ਕੀ ਹੁੰਦਾ ਹੈ। ਭਾਰਤੀ ਜਵਾਨਾਂ ਨੇ ਸਾਹਸ ਅਤੇ ਹਿੰਮਤ ਨਾਲ ਉਨ੍ਹਾਂ ਚੋਟੀਆਂ ਨੂੰ ਦੁਸ਼ਮਣਾਂ ਦੇ ਕਬਜ਼ੇ 'ਚੋਂ ਛੁਡਵਾਇਆ ਸੀ, ਜਿਨ੍ਹਾਂ 'ਤੇ ਉਨ੍ਹਾਂ ਨੇ ਕਬਜ਼ਾ ਕਰ ਲਿਆ ਸੀ। 60 ਦਿਨ ਚੱਲੇ ਕਾਰਗਿਲ ਯੁੱਧ ਵਿਚ ਭਾਰਤ ਨੇ ਕਈ ਵੀਰ ਸਪੂਤ ਗਵਾਏ ਪਰ ਭਾਰਤ ਮਾਤਾ ਦਾ ਸੀਸ ਝੁੱਕਣ ਨਹੀਂ ਦਿੱਤਾ।


Tanu

Content Editor Tanu