8 ਕਰੋੜ ਰੁਪਏ ਦੇ 2000 ਵਾਲੇ ਨਕਲੀ ਨੋਟ ਬਰਾਮਦ, ਅਪਰਾਧ ਸ਼ਾਖਾ ਨੇ ਗੈਂਗ ਦਾ ਕੀਤਾ ਪਰਦਾਫਾਸ਼
Sunday, Nov 13, 2022 - 10:45 AM (IST)

ਠਾਣੇ- ਮਹਾਰਾਸ਼ਟਰ ਪੁਲਸ ਦੀ ਠਾਣੇ ਅਪਰਾਧ ਸ਼ਾਖਾ ਨੇ ਨਕਲੀ ਨੋਟ ਛਾਪਣ ਵਾਲੇ ਇਕ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਦੋਸ਼ੀਆਂ ਕੋਲੋਂ ਵੱਡੀ ਗਿਣਤੀ ’ਚ 2000 ਦੇ ਜਾਅਲੀ ਨੋਟ ਬਰਾਮਦ ਕੀਤੇ ਹਨ। ਪੁਲਸ ਮੁਤਾਬਕ 8 ਕਰੋੜ ਰੁਪਏ ਦੇ 2000 ਦੇ ਜਾਅਲੀ ਨੋਟ ਜ਼ਬਤ ਕੀਤੇ ਗਏ ਹਨ। ਇਨ੍ਹਾਂ ਨੋਟਾਂ ਨੂੰ ਬਾਜ਼ਾਰ ’ਚ ਲਿਆਉਣ ਦੀ ਤਿਆਰੀ ਚੱਲ ਰਹੀ ਸੀ ਪਰ ਉਸ ਤੋਂ ਪਹਿਲਾਂ ਪੁਲਸ ਨੇ ਇਨ੍ਹਾਂ ਨੂੰ ਜ਼ਬਤ ਕਰ ਲਿਆ। ਮਾਮਲੇ ’ਚ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਠਾਣੇ ਪੁਲਸ ਨੇ ਦੱਸਿਆ ਕਿ ਦੋਸ਼ੀ ਪਾਲਘਰ ਦੇ ਰਹਿਣ ਵਾਲੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨਕਲੀ ਨੋਟ ਛਾਪਣ ਵਾਲਿਆਂ ਦਾ ਨੈੱਟਵਰਕ ਕਿਥੋਂ ਤੱਕ ਫੈਲਿਆ ਹੈ। ਪੁਲਸ ਅਨੁਸਾਰ ਬਾਜ਼ਾਰ ’ਚ 2000 ਰੁਪਏ ਦੇ ਨੋਟਾਂ ਦੀ ਕਮੀ ਨੂੰ ਦੇਖਦੇ ਹੋਏ ਜਾਲਸਾਜ਼ ਇਸ ਦਾ ਫਾਇਦਾ ਚੁੱਕਣਾ ਚਾਹੁੰਦੇ ਸਨ। ਨਕਲੀ ਨੋਟ ਛਾਪਣ ਵਾਲੇ ਗੈਂਗ ਕੋਲ ਪੁਲਸ ਨੇ 2000 ਦੇ ਨੋਟਾਂ ਵਾਲੇ 400 ਬੰਡਲ ਬਰਾਮਦ ਕੀਤੇ ਹਨ। ਫ਼ਿਲਹਾਲ ਪੁਲਸ ਦੀ ਤਫ਼ਤੀਸ਼ ਜਾਰੀ ਹੈ।