ਅਫ਼ਗਾਨਿਸਤਾਨ ਤੋਂ ਪਰਤੇ 200 ਸਿੱਖ ਪਰਿਵਾਰਾਂ ਲਈ ''ਸਹਾਰਾ'' ਬਣੇ ਦਿੱਲੀ ਦੇ ਗੁਰਦੁਆਰਾ ਸਾਹਿਬ

Monday, Sep 07, 2020 - 03:25 PM (IST)

ਨਵੀਂ ਦਿੱਲੀ— ਅਫ਼ਗਾਨਿਸਤਾਨ ਤੋਂ ਭਾਰਤ ਪਰਤੇ ਸਿੱਖ ਭਾਈਚਾਰੇ ਦੇ ਕਰੀਬ 200 ਪਰਿਵਾਰਾਂ ਲਈ ਦਿੱਲੀ ਦੇ ਗੁਰਦੁਆਰਾ ਸਾਹਿਬ ਸਹਾਰਾ ਬਣੇ ਹੋਏ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਵਲੋਂ ਗੁਰਦੁਆਰਿਆਂ ਵਿਚ ਉਨ੍ਹਾਂ ਦੇ ਠਹਿਰਣ ਦੀ ਵਿਵਸਥਾ ਕੀਤੀ ਗਈ ਹੈ। ਇਸ ਬਾਬਤ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਰੀਬ 200 ਸਿੱਖ ਪਰਿਵਾਰ ਗੁਰਦੁਆਰਿਆਂ ਵਿਚ ਠਹਿਰੇ ਹਨ। ਅਸੀਂ ਉਨ੍ਹਾਂ ਦੇ ਆਵਾਸ ਦੀ ਵਿਵਸਥਾ ਉਦੋਂ ਤੱਕ ਕਰ ਰਹੇ ਹਾਂ, ਜਦੋਂ ਤੱਕ ਉਨ੍ਹਾਂ ਨੂੰ ਸਥਾਈ ਨਾਗਰਿਕਤਾ ਨਹੀਂ ਮਿਲ ਜਾਂਦੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸਿੱਖ ਪਰਿਵਾਰਾਂ ਲਈ ਪ੍ਰਬੰਧਕ ਕਮੇਟੀ ਸਾਰਾ ਖਰਚਾ ਕਰੇਗੀ। ਉਹ ਇਨ੍ਹਾਂ ਪਰਿਵਾਰਾਂ ਲਈ ਵੀਜ਼ਾ ਸਹੂਲਤ ਲਈ ਕੇਂਦਰ ਸਰਕਾਰ, ਖ਼ਾਸ ਕਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦੇ ਹਨ।

PunjabKesari
ਇਨ੍ਹਾਂ ਅਫ਼ਗਾਨ ਸਿੱਖਾਂ 'ਚੋਂ 63 ਸਾਲਾ ਬਲਬੀਰ ਸਿੰਘ ਨੇ ਦੱਸਿਆ ਕਿ ਅਸੀਂ ਆਉਣ ਤੋਂ ਪਹਿਲਾਂ ਕਾਫੀ ਡਰੇ ਹੋਏ ਸੀ। ਹੁਣ ਇੱਥੇ ਆ ਕੇ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ। ਅਸੀਂ ਇੱਥੇ ਆਉਣ ਲਈ ਆਪਣੇ ਘਰ-ਜ਼ਮੀਨ ਤੱਕ ਛੱਡ ਦਿੱਤਾ ਹੈ। ਦਿੱਲੀ ਸਿੱਖ ਕਮੇਟੀ ਦੇ ਗੁਰਦੁਆਰਿਆਂ ਵਿਚ ਸਿੱਖਾਂ ਨੂੰ ਰਹਿਣ ਲਈ ਛੱਤ ਮਿਲੀ ਹੈ। ਉਹ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਦੀ ਦੇਖਭਾਲ ਲਈ ਗੁਰਦੁਆਰੇ ਦੇ ਧੰਨਵਾਦੀ ਹਨ। 

PunjabKesari

ਦਿੱਲੀ ਦੇ ਮੋਤੀ ਬਾਗ ਇਲਾਕੇ 'ਚ ਇਕ ਗੁਰਦੁਆਰਾ ਹੈ। ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਦਾ ਇਕ ਵੱਡਾ ਟਿਕਾਣਾ ਹੈ। ਇੱਥੇ 31 ਕਮਰਿਆਂ ਵਿਚ 138 ਲੋਕ ਫ਼ਿਲਹਾਲ ਰਹਿ ਰਹੇ ਹਨ। ਇਸ ਗੁਰਦੁਆਰਾ ਦੇ ਚੀਫ ਵੀ. ਸੀ. ਹਰਜੀਤ ਐੱਸ. ਬੇਦੀ ਮੁਤਾਬਕ ਇਨ੍ਹਾਂ ਦੇ ਬੱਚਿਆਂ ਨੂੰ ਗੁਰੂ ਹਰਕਿਸ਼ਨ ਪਬਲਿਕ ਸਕੂਲ ਵਿਚ ਨਾਂ ਲਿਖਵਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਫ਼ਗਾਨਿਸਤਾਨ 'ਚ ਇਸਲਾਮੀ ਅੱਤਵਾਦ ਦੇ ਸਾਏ ਹੇਠ ਜਿਊਣ ਨੂੰ ਕਈ ਸਿੱਖ ਪਰਿਵਾਰ ਮਜਬੂਰ ਸਨ। ਗੁਰਦੁਆਰਾ ਸਾਹਿਬ 'ਤੇ ਹੋਏ ਅੱਤਵਾਦੀ ਹਮਲੇ ਨੇ ਸਬਰ ਦਾ ਬੰਨ੍ਹ ਤੋੜ ਦਿੱਤਾ। ਭਾਰਤ ਸਰਕਾਰ ਨੇ ਵੀ ਉਦੋਂ ਤੋਂ ਆਪਣੇ ਲੋਕਾਂ ਦੀ ਸੁਰੱਖਿਆ ਲਈ ਕਦਮ ਚੁੱਕਣੇ ਸ਼ੁਰੂ ਕੀਤੇ।

PunjabKesari
ਜ਼ਿਕਰਯੋਗ ਹੈ ਕਿ ਅਫ਼ਗਾਨ ਸਿੱਖ ਭਾਈਚਾਰੇ ਵਲੋਂ ਦੂਤਘਰ ਨੂੰ ਅਪੀਲ ਕਰਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ 25 ਮਾਰਚ ਨੂੰ ਕਾਬੁਲ 'ਚ ਗੁਰੂ ਹਰ ਰਾਏ ਸਾਹਿਬ ਗੁਰਦੁਆਰੇ 'ਤੇ ਹਮਲੇ ਤੋਂ ਬਾਅਦ ਨਿਕਾਸੀ ਅਤੇ ਬਚਾਅ ਦੀ ਮੰਗ ਤੋਂ ਬਾਅਦ ਭਾਰਤ ਸਰਕਾਰ ਵਲੋਂ ਇਹ ਕਦਮ ਚੁੱਕਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਫ਼ਗਾਨਿਸਤਾਨ ਵਿਚ ਫਸੇ ਸਿੱਖ ਪਰਿਵਾਰਾਂ ਨੂੰ ਭਾਰਤ ਲਿਆਉਣ ਦੀ ਗੁਹਾਰ ਮੋਦੀ ਸਰਕਾਰ ਨੂੰ ਲਾਈ ਸੀ। ਅਫ਼ਗਾਨਿਸਤਾਨ ਵਿਚ ਰਹਿਣ ਵਾਲੇ ਸਿੱਖਾਂ ਨੂੰ ਹੌਲੀ-ਹੌਲੀ ਵੀਜ਼ਾ ਪ੍ਰਕਿਰਿਆ ਅਤੇ ਉਸ ਤੋਂ ਬਾਅਦ ਭਾਰਤ ਵਾਪਸੀ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਇਹ ਸਿੱਖ ਪਰਿਵਾਰ ਭਾਰਤ ਪਰਤੇ ਹਨ। ਇਨ੍ਹਾਂ ਨੂੰ ਦਿੱਲੀ 'ਚ ਵਸਾਇਆ ਗਿਆ ਹੈ। 


Tanu

Content Editor

Related News