2 ਸਾਲ ਦੀ ਮਾਸੂਮ ਧੀ ਦੀ ਸਮਝਦਾਰੀ ਨਾਲ ਬਚੀ ਬੇਹੋਸ਼ ਮਾਂ ਦੀ ਜਾਨ, ਸੋਸ਼ਲ ਮੀਡੀਆ 'ਤੇ ਹੋ ਰਹੀਆਂ ਸਲਾਮਾਂ
Monday, Jul 05, 2021 - 03:41 PM (IST)
ਮੁਰਾਦਾਬਾਦ- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 2 ਸਾਲ ਦੀ ਬੱਚੀ ਨੇ ਸਮਝਦਾਰੀ ਦਿਖਾਉਂਦੇ ਹੋਏ ਆਪਣੀ ਮਾਂ ਦੀ ਜਾਨ ਬਚਾ ਲਈ। ਬੇਹੋਸ਼ ਮਾਂ ਦੀ ਮਦਦ ਕਰਨ 'ਚ ਅਸਮਰੱਥ ਬੱਚੀ ਰੇਲਵੇ ਸਟੇਸ਼ਨ 'ਤੇ ਮੌਜੂਦ ਰੇਲਵੇ ਪ੍ਰੋਟੈਕਸ਼ਨ ਫ਼ੋਰਸ (ਆਰ.ਪੀ.ਐੱਫ.) ਦੀ ਕਾਂਸਟੇਬਲ ਨੂੰ ਉਸ ਦੀ ਉਂਗਲੀ ਫੜ ਕੇ ਆਪਣੀ ਮਾਂ ਕੋਲ ਲੈ ਆਈ। ਜਿਸ ਤੋਂ ਬਾਅਦ ਜਨਾਨੀ ਨੂੰ ਤੁਰੰਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। 2 ਸਾਲ ਦੀ ਬੱਚੀ ਤੋਂ ਇਲਾਵਾ ਜਨਾਨੀ ਨਾਲ 6 ਮਹੀਨੇ ਦੀ ਇਕ ਬੱਚੀ ਵੀ ਸੀ। ਦੱਸਣਯੋਗ ਹੈ ਕਿ 2 ਸਾਲ ਦੀ ਛੋਟੀ ਬੱਚੀ ਦੀ ਸਮਝਦਾਰੀ ਬਾਰੇ ਜਾਣ ਕੇ ਸਾਰੇ ਹੈਰਾਨ ਹਨ। ਇਹ ਮਾਮਲਾ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸੀਨੀਅਰ ਆਰ.ਪੀ.ਐੱਫ. ਅਫ਼ਸਰ ਮਨੋਜ ਕੁਮਾਰ ਨੇ ਦੱਸਿਆ ਕਿ ਸਾਡੇ ਸਟਾਫ਼ ਨੂੰ ਇਕ ਬੱਚੀ ਮਿਲੀ, ਜੋ ਉਨ੍ਹਾਂ ਨੂੰ ਆਪਣੀ ਬੇਹੋਸ਼ ਮਾਂ ਕੋਲ ਲੈ ਗਈ। ਪੀੜਤਾ ਦੇ ਸਾਰੇ ਚੈਕਅੱਪ ਹੋ ਗਏ ਹਨ। ਐਂਬੂਲੈਂਸ ਤੋਂ ਉਸ ਨੂੰ ਹਸਪਤਾਲ ਲਿਜਾ ਕੇ ਦਾਖ਼ਲ ਕਰਵਾਇਆ ਗਿਆ, ਉੱਥੇ ਉਸ ਦਾ ਇਲਾਜ ਜਾਰੀ ਹੈ। ਦੱਸਣਯੋਗ ਹੈ ਕਿ ਐਤਵਾਰ ਸਵੇਰੇ ਕਰੀਬ 8 ਵਜੇ ਇਕ ਜਨਾਨੀ ਮੁਰਾਦਾਬਾਦ ਸਟੇਸ਼ਨ 'ਤੇ ਅਚਾਨਕ ਬੇਹੋਸ਼ ਹੋ ਗਈ। ਉਸ ਨਾਲ 2 ਧੀਆਂ ਸਨ, ਜਿਨ੍ਹਾਂ 'ਚੋਂ ਇਕ 2 ਸਾਲ ਅਤੇ ਦੂਜੀ ਦੀ ਉਮਰ 6 ਮਹੀਨੇ ਹੈ। ਮਾਂ ਦੇ ਬੇਹੋਸ਼ ਹੋਣ ਤੋਂ ਬਾਅਦ, ਪਹਿਲਾਂ ਤਾਂ 2 ਸਾਲ ਮਾਸੂਮ ਬਹੁਤ ਰੋਈ। ਫਿਰ ਥੋੜ੍ਹੀ ਦੇਰ ਬਾਅਦ ਉਹ ਉੱਠੀ ਅਤੇ ਸਟੇਸ਼ਨ 'ਤੇ ਮੌਜੂਦ ਆਰ.ਪੀ.ਐੱਫ. ਦੀ ਕਾਂਸਟੇਬਲ ਬੀਬੀ ਨੂੰ ਬੁਲਾ ਲਿਆਈ। ਇਸ ਤੋਂ ਬਾਅਦ ਕਾਂਸਟੇਬਲ ਨੇ ਆਪਣੀ ਟੀਮ ਦੇ ਹੋਰ ਲੋਕਾਂ ਨੂੰ ਬੁਲਾਇਆ ਅਤੇ ਜਨਾਨੀ ਨੂੰ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕੀਤੀ। ਫਿਰ ਤੁਰੰਤ ਐਂਬੂਲੈਂਸ ਨੂੰ ਫ਼ੋਨ ਕਰ ਕੇ ਬੁਲਾਇਆ ਗਿਆ ਅਤੇ ਜਨਾਨੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਜਨਾਨੀ ਉਤਰਾਖੰਡ ਦੀ ਰਹਿਣ ਵਾਲੀ ਹੈ, ਜੋ 3 ਮਹੀਨਿਆਂ ਦੀ ਗਰਭਵਤੀ ਹੈ ਅਤੇ ਆਪਣੇ 2 ਬੱਚਿਆਂ ਨਾਲ ਮੁਰਾਦਾਬਾਦ ਤੋਂ ਕਲੀਅਰ ਦੀ ਯਾਤਰਾ ਕਰ ਰਹੀ ਸੀ। ਹਸਪਤਾਲ ਵਾਲਿਆਂ ਅਨੁਸਾਰ ਜਨਾਨੀ ਕਮਜ਼ੋਰੀ ਕਾਰਨ ਬੇਹੋਸ਼ ਹੋ ਗਈ ਸੀ। ਹਾਲਾਂਕਿ ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ ਹੈ।