ਰਾਜੌਰੀ ਦੇ ਢਾਂਗਰੀ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਸਮੇਤ 2 ਅੱਤਵਾਦੀ ਕਾਲਾਕੋਟ ਮੁਕਾਬਲੇ ’ਚ ਢੇਰ

Friday, Nov 24, 2023 - 12:19 PM (IST)

ਰਾਜੌਰੀ ਦੇ ਢਾਂਗਰੀ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਸਮੇਤ 2 ਅੱਤਵਾਦੀ ਕਾਲਾਕੋਟ ਮੁਕਾਬਲੇ ’ਚ ਢੇਰ

ਜੰਮੂ/ਕਾਲਾਕੋਟ, (ਉਦੈ/ਅਰੁਣ/ਸ. ਹ.)- ਜ਼ਿਲਾ ਰਾਜੌਰੀ ਦੇ ਢਾਂਗਰੀ ਖੇਤਰ ਵਿਚ ਬੀਤੀ 1 ਜਨਵਰੀ ਨੂੰ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਮੰਨੇ ਜਾਣ ਵਾਲੇ ਲਸ਼ਕਰ-ਏ-ਤੋਇਬਾ (ਐੱਲ. ਈ. ਟੀ.) ਅੱਤਵਾਦੀ ਸੰਗਠਨ ਦੇ ਇਕ ਟਰੇਂਡ ਸਨਾਈਪਰ ਅੱਤਵਾਦੀ ਕਾਰੀ ਅਤੇ ਇਕ ਹੋਰ ਅੱਤਵਾਦੀ ਨੂੰ ਜ਼ਿਲਾ ਰਾਜੌਰੀ ਦੇ ਕਾਲਾਕੋਟ ਖੇਤਰ ਵਿਚ ਜਾਰੀ ਮੁਕਾਬਲੇ ਵਿਚ ਫੌਜੀ ਫੋਰਸਾਂ ਵਲੋਂ ਢੇਰ ਕੀਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਉੱਚੀਆਂ ਪਹਾੜੀਆਂ ’ਤੇ ਮੋਰਚਾ ਬਣਾਇਆ ਹੋਇਆ ਹੈ ਜਿਥੋਂ ਸੁਰੱਖਿਆ ਫੋਰਸਾਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾਇਆ ਗਿਆ। 5 ਤੋਂ 6 ਅੱਤਵਾਦੀਆਂ ਨੂੰ ਸੁਰੱਖਿਆ ਫੋਰਸਾਂ ਨੇ ਘੇਰਿਆ ਹੋਇਆ ਸੀ। ਅੱਤਵਾਦੀ ਕੁਦਰਤੀ ਗੁਫਾ ਤੋਂ ਸੁਰੱਖਿਆ ਫੋਰਸਾਂ ’ਤੇ ਗੋਲੀਬਾਰੀ ਕਰ ਰਹੇ ਸਨ।

ਰੱਖਿਆ ਬੁਲਾਰੇ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਮਾਰਿਆ ਗਿਆ ਅੱਤਵਾਦੀ ਕਾਰੀ ਪਾਕਿਸਤਾਨੀ ਨਾਗਰਿਕ ਅਤੇ ਕੱਟੜ ਅੱਤਵਾਦੀ ਹੈ। ਕਾਰੀ ਨੂੰ ਪਾਕਿਸਤਾਨ ਅਤੇ ਅਫਗਾਨ ਮੋਰਚੇ ’ਤੇ ਟਰੇਂਡ ਕੀਤਾ ਗਿਆ ਹੈ, ਜੋ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਇਕ ਉੱਚ ਰੈਂਕ ਵਾਲਾ ਅੱਤਵਾਦੀ ਹੈ। ਉਹ ਬੀਤੇ 1 ਸਾਲ ਤੋਂ ਆਪਣੇ ਸਮੂਹ ਨਾਲ ਰਾਜੌਰੀ-ਪੁੰਛ ਵਿਚ ਸਰਗਰਮ ਸੀ ਅਤੇ ਉਸ ਨੂੰ ਜ਼ਿਲਾ ਰਾਜੌਰੀ ਦੇ ਢਾਂਗਰੀ ਤੇ ਕੰਡੀ ਖੇਤਰਾਂ ਵਿਚ ਹੋਏ ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਵੀ ਮੰਨਿਆ ਜਾਂਦਾ ਹੈ।

ਬੁਲਾਰੇ ਨੇ ਕਿਹਾ ਕਿ ਕਾਰੀ ਨੂੰ ਖੇਤਰ ਵਿਚ ਅੱਤਵਾਦ ਨੂੰ ਮੁੜ ਜ਼ਿੰਦਾ ਕਰਨ ਲਈ ਭੇਜਿਆ ਗਿਆ ਸੀ ਅਤੇ ਉਸ ਨੂੰ ਆਈ. ਈ. ਡੀ. ਵਿਚ ਮਾਹਰਤਾ ਤੋਂ ਇਲਾਵਾ ਪਹਾੜੀ ਖੇਤਰਾਂ ਵਿਚ ਸਥਿਤ ਗੁਫਾਵਾਂ ਵਿਚ ਲੁਕ ਕੇ ਰਹਿਣ ਦੀ ਵੀ ਮਹਾਰਤ ਹਾਸਲ ਸੀ।

ਜ਼ਿਕਰਯੋਗ ਹੈ ਕਿ ਰਾਜੌਰੀ ਜ਼ਿਲੇ ਦੇ ਕਾਲਾਕੋਟ ਦੇ ਬਾਜੀਮਾਲ ਖੇਤਰ ਦੇ ਸੰਘਣੇ ਜੰਗਲਾਂ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਮੁਕਾਬਲਾ ਵੀਰਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ ਅਤੇ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ।

ਇਸ ਮੁਕਾਬਲੇ ਵਿਚ ਫੌਜ ਦੇ 2 ਕੈਪਟਨਾਂ ਸਮੇਤ ਕੁਲ 4 ਫੌਜੀ ਸ਼ਹੀਦ ਹੋ ਗਏ ਜਦਕਿ ਇਕ ਹੋਰ ਜ਼ਖਮੀ ਹੋ ਗਿਆ। ਇਸ ਅਧਿਕਾਰੀ ਦਾ ਕਹਿਣਾ ਸੀ ਕਿ ਵੀਰਵਾਰ ਨੂੰ ਹੋਈ ਗੋਲੀਬਾਰੀ ਵਿਚ ਵੀ ਸੁਰੱਖਿਆ ਫੋਰਸਾਂ ਦੇ ਜਵਾਨ ਜ਼ਖਮੀ ਹੋਏ ਹਨ ਅਤੇ ਫਿਲਹਾਲ ਜ਼ਖਮੀ ਕਰਮਚਾਰੀਆਂ ਦੀ ਢੁੱਕਵੀਂ ਗਿਣਤੀ ਮੁਹੱਈਆ ਨਹੀਂ ਹੈ।


author

Rakesh

Content Editor

Related News