ਗੁਜਰਾਤ: ਰਾਜ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ, 2 ਵਿਧਾਇਕਾਂ ਨੇ ਦਿੱਤਾ ਅਸਤੀਫਾ

06/04/2020 4:21:54 PM

ਅਹਿਮਦਾਬਾਦ-ਗੁਜਰਾਤ 'ਚ ਰਾਜਸਭਾ ਦੀਆਂ ਚਾਰ ਸੀਟਾਂ ਦੇ ਲਈ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਲੱਗਾ ਹੈ। ਅੱਜ ਭਾਵ ਵੀਰਵਾਰ ਨੂੰ ਪਾਰਟੀ ਦੇ 2 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਹੈ, ਜਦਕਿ ਤੀਜੇ ਵਿਧਾਇਕ ਦੇ ਵੀ ਅਸਤੀਫੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 19 ਜੂਨ ਨੂੰ 4 ਸੀਟਾਂ ਦੇ ਲਈ ਚੋਣਾਂ ਹੋਣੀਆਂ ਹਨ।

ਮਾਹਰਾਂ ਮੁਤਾਬਕ ਕਰਜਨ ਸੀਟ ਦੇ ਵਿਧਾਇਕ ਅਕਸ਼ੇ ਪਟੇਲ ਨੇ ਅਸਤੀਫਾ ਦੇ ਦਿੱਤਾ ਹੈ, ਜਦਕਿ ਕਪਰਾੜਾ ਤੋਂ ਵਿਧਾਇਕ ਜੀਤੂ ਚੌਧਰੀ ਹੁਣ ਪਾਰਟੀ ਦੇ ਨਾਲ ਸੰਪਰਕ 'ਚ ਨਹੀਂ ਹਨ। ਪਾਰਟੀ ਮੰਨ ਕੇ ਚੱਲ ਰਹੀ ਹੈ ਕਿ ਉਨ੍ਹਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਇਕ ਹੋਰ ਵਿਧਾਇਕ ਵੱਲੋਂ ਅਸਤੀਫਾ ਦੇਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

ਦੱਸਣਯੋਗ ਹੈ ਕਿ ਸੂਬੇ ਦੀਆਂ 183 ਮੈਂਬਰੀ ਵਿਧਾਨ ਸਭਾ 'ਚ ਸੱਤਾਧਾਰੀ ਭਾਜਪਾ ਦੇ 103 ਅਤੇ ਵਿਰੋਧੀ ਦਲ ਕਾਂਗਰਸ ਦੇ 66 ਵਿਧਾਇਕ ਹਨ। ਸੂਬੇ ਤੋਂ ਰਾਜਸਭਾ ਦੀਆਂ 4 ਸੀਟਾਂ ਦੇ ਲਈ ਹਾਲ ਹੀ ਦੌਰਾਨ ਭਾਜਪਾ ਦੇ 3 ਅਤੇ ਕਾਂਗਰਸ ਨੇ 2 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਭਾਜਪਾ ਦੇ ਅਭੈ ਭਾਰਦਵਾਜ, ਰਮੀਲਾ ਬਾਰਾ ਅਤੇ ਨਰਹਰੀ ਅਮੀਨ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ ਜਦਕਿ ਕਾਂਗਰਸ ਦੇ ਸੀਨੀਅਰ ਨੇਤਾ ਸ਼ਕਤੀਸਿੰਘ ਗੋਹਿਤ ਅਤੇ ਭਰਤਸਿੰਘ ਸੋਲੰਕੀ ਨੂੰ ਉਮੀਦਵਾਰ ਬਣਾਇਆ ਹੈ। 


Iqbalkaur

Content Editor

Related News