ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਕ ਹੋਰ ਝਟਕਾ, ਮਿਲਿਆ 1,745 ਕਰੋੜ ਰੁਪਏ ਦੇ ਟੈਕਸ ਭੁਗਤਾਨ ਦਾ ਨਵਾਂ ਨੋਟਿਸ

Sunday, Mar 31, 2024 - 07:15 PM (IST)

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਕ ਹੋਰ ਝਟਕਾ, ਮਿਲਿਆ 1,745 ਕਰੋੜ ਰੁਪਏ ਦੇ ਟੈਕਸ ਭੁਗਤਾਨ ਦਾ ਨਵਾਂ ਨੋਟਿਸ

ਨਵੀਂ ਦਿੱਲੀ- ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਇਕ ਵਾਰ ਫਿਰ ਇਨਕਮ ਟੈਕਸ ਵਿਭਾਗ ਤੋਂ ਨਵਾਂ ਨੋਟਿਸ ਮਿਲਿਆ ਹੈ, ਜਿਸ ਰਾਹੀਂ ਮੁਲਾਂਕਣ ਸਾਲ 2014-15 ਤੋਂ 2016-17 ਲਈ 1,745 ਕਰੋੜ ਰੁਪਏ ਦੇ ਟੈਕਸ ਦੀ ਮੰਗ ਕੀਤੀ ਗਈ ਹੈ। ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਆਮਦਨ ਕਰ ਵਿਭਾਗ ਵੱਲੋਂ ਕਾਂਗਰਸ ਤੋਂ ਹੁਣ ਤੱਕ ਕੁੱਲ 3,567 ਕਰੋੜ ਰੁਪਏ ਦੇ ਟੈਕਸ ਦੀ ਮੰਗ ਕੀਤੀ ਜਾ ਚੁੱਕੀ ਹੈ।

ਸੂਤਰਾਂ ਮੁਤਾਬਕ ਤਾਜ਼ਾ ਨੋਟਿਸ 2014-15 (ਲਗਭਗ 663 ਕਰੋੜ ਰੁਪਏ), 2015-16 (ਲਗਭਗ 664 ਕਰੋੜ ਰੁਪਏ) ਅਤੇ 2016-17 (ਲਗਭਗ 417 ਕਰੋੜ ਰੁਪਏ) ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਸਿਆਸੀ ਪਾਰਟੀਆਂ ਨੂੰ ਦਿੱਤੀ ਜਾਂਦੀ ਟੈਕਸ ਛੋਟ ਖਤਮ ਕਰਕੇ ਪਾਰਟੀ ਟੈਕਸ ਲਗਾ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਜਾਂਚ ਏਜੰਸੀਆਂ ਵੱਲੋਂ ਛਾਪੇਮਾਰੀ ਦੌਰਾਨ ਕੁਝ ਕਾਂਗਰਸੀ ਆਗੂਆਂ ਤੋਂ ਜ਼ਬਤ ਕੀਤੀਆਂ ਡਾਇਰੀਆਂ ਵਿੱਚ ‘ਥਰਡ ਪਾਰਟੀ ਐਂਟਰੀਆਂ’ ਲਈ ਵੀ ਕਾਂਗਰਸ 'ਤੇ ਟੈਕਸ ਲਾਇਆ ਗਿਆ ਹੈ।

ਮੁੱਖ ਵਿਰੋਧੀ ਪਾਰਟੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਸ ਨੂੰ ਆਮਦਨ ਕਰ ਵਿਭਾਗ ਤੋਂ ਨੋਟਿਸ ਮਿਲਿਆ ਹੈ, ਜਿਸ ਵਿਚ ਕਰੀਬ 1,823 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਟੈਕਸ ਅਧਿਕਾਰੀਆਂ ਨੇ ਪਿਛਲੇ ਸਾਲਾਂ ਨਾਲ ਸਬੰਧਤ ਟੈਕਸ ਮੰਗਾਂ ਲਈ ਪਾਰਟੀ ਦੇ ਖਾਤਿਆਂ 'ਚੋਂ ਪਹਿਲਾਂ ਹੀ 135 ਕਰੋੜ ਰੁਪਏ ਕਢਵਾ ਲਏ ਹਨ।

ਕਾਂਗਰਸ ਨੇ 135 ਕਰੋੜ ਰੁਪਏ ਦੀ ਟੈਕਸ ਮੰਗ ਨੂੰ ਲੈ ਕੇ ਅਦਾਲਤ ਦਾ ਰੁਖ ਕੀਤਾ ਹੈ ਅਤੇ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਹੋਣ ਦੀ ਸੰਭਾਵਨਾ ਹੈ। ਪਾਰਟੀ ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਅਤੇ ਹਾਈ ਕੋਰਟ ਤੋਂ ਇਸ ਸਬੰਧ ਵਿਚ ਕੋਈ ਰਾਹਤ ਲੈਣ ਵਿਚ ਨਾਕਾਮ ਰਹੀ ਹੈ।


author

Rakesh

Content Editor

Related News