'84 ਕਤਲੇਆਮ' ਸੱਜਣ ਨੂੰ ਸਜ਼ਾ ਮਿਲਦੇ ਹੀ ਰੋ ਪਈ ਗਵਾਹ ਚਾਮ ਕੌਰ
Monday, Dec 17, 2018 - 03:58 PM (IST)

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਵਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਸੋਮਵਾਰ ਨੂੰ ਕਾਂਗਰਸ ਦੇ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟ ਦਿੱਤਾ, ਜਿਸ 'ਚ ਸੱਜਣ ਨੂੰ ਬਰੀ ਕਰ ਦਿੱਤਾ ਗਿਆ ਸੀ। ਕੋਰਟ ਦਾ ਇਹ ਫੈਸਲਾ ਨਿਆਂ ਵਿਚ ਭਰੋਸਾ ਜਗਾਉਂਦਾ ਹੈ ਪਰ ਪੀੜਤਾਂ ਲਈ ਇਹ ਜ਼ਿੰਦਗੀ ਭਰ ਦਾ ਜ਼ਖਮ ਹੈ, ਜੋ ਸ਼ਾਇਦ ਕਦੇ ਭਰਨ ਵਾਲਾ ਨਹੀਂ ਹੈ। ਕੋਰਟ ਵਲੋਂ ਸੁਣਾਏ ਗਏ ਇਸ ਫੈਸਲੇ ਮਗਰੋਂ ਭਾਜਪਾ ਦੇ ਰਾਸ਼ਟਰੀ ਸਕੱਤਰ ਆਰ. ਪੀ. ਸਿੰਘ ਭਾਵੁਕ ਹੋ ਗਏ। ਉਨ੍ਹਾਂ ਦੰਗਿਆਂ ਦੀ ਮੁੱਖ ਗਵਾਹ ਚਾਮ ਕੌਰ ਨੂੰ ਗਲ ਨਾਲ ਲਾ ਲਿਆ। ਉਨ੍ਹਾਂ ਰੋਂਦੇ ਹੋਏ ਕਿਹਾ ਕਿ ਹਾਈ ਕੋਰਟ ਨੇ ਤਾਂ ਸੱਜਣ ਨੂੰ ਸਜ਼ਾ ਸੁਣਾ ਦਿੱਤੀ ਪਰ ਲੋੜ ਹੈ ਕਿ ਰਾਹੁਲ ਗਾਂਧੀ ਨੂੰ ਹੁਣ ਅਦਾਲਤ 'ਚ ਜਵਾਬ ਦੇਣ ਕਿ ਸਿੱਖਾਂ ਦੇ ਕਾਤਲਾਂ ਨੂੰ ਸਿਆਸੀ ਸੁਰੱਖਿਆ ਮਿਲੀ। ਨਿਆਂ ਮਿਲਣ 'ਚ ਸ਼ਾਇਦ ਇਸ ਲਈ ਦੇਰੀ ਹੋਈ।
ਇੱਥੇ ਦੱਸ ਦਈਏ ਕਿ ਇਸ ਮਾਮਲੇ ਵਿਚ ਚਾਮ ਕੌਰ ਅਹਿਮ ਗਵਾਹ ਹੈ। ਉਸ ਨੇ ਪਿਛਲੇ ਮਹੀਨੇ ਹੀ ਪਟਿਆਲਾ ਹਾਊਸ ਕੋਰਟ ਵਿਚ ਸੱਜਣ ਕੁਮਾਰ ਦੀ ਪਛਾਣ ਕੀਤੀ ਸੀ। ਚਾਮ ਕੌਰ ਦਾ ਕਹਿਣਾ ਸੀ ਕਿ 2 ਨਵੰਬਰ 1984 ਦੇ ਇਕ ਭਾਸ਼ਣ ਵਿਚ ਮੌਜੂਦ ਸੱਜਣ ਨੇ ਕਿਹਾ ਸੀ ਇੰਦਰਾ ਗਾਂਧੀ ਦਾ ਕਤਲ ਸਿੱਖਾਂ ਨੇ ਕੀਤਾ ਹੈ, ਇਸ ਲਈ ਇਕ ਵੀ ਸਿੱਖ ਬਚਣਾ ਨਹੀਂ ਚਾਹੀਦਾ। ਬਾਅਦ ਵਿਚ ਉਸ ਭੀੜ ਨੇ ਮੇਰੇ ਪਿਤਾ ਦਾ ਕਤਲ ਕਰ ਦਿੱਤਾ। ਚਾਮ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਉਸ ਦੀਆਂ ਅੱਖਾਂ ਸਾਹਮਣੇ ਜ਼ਿੰਦਾ ਸਾੜ ਦਿੱਤਾ ਗਿਆ। ਦੱਸਣਯੋਗ ਹੈ ਕਿ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 1 ਤੋਂ 4 ਨਵੰਬਰ ਦਰਮਿਆਨ ਸਿੱਖਾਂ ਵਿਰੁੱਧ ਕਤਲੇਆਮ ਹੋਇਆ ਸੀ, ਜਿਸ 'ਚ ਕਰੀਬ 3,000 ਲੋਕਾਂ ਦੀ ਜਾਨ ਚਲੀ ਗਈ ਸੀ।