1984 ਸਿੱਖ ਵਿਰੋਧੀ ਦੰਗੇ: SC ਨੇ SIT ਨੂੰ 2 ਮਹੀਨਿਆਂ ਦਾ ਹੋਰ ਸਮਾਂ ਦਿੱਤਾ

Friday, Mar 29, 2019 - 12:03 PM (IST)

1984 ਸਿੱਖ ਵਿਰੋਧੀ ਦੰਗੇ: SC ਨੇ SIT ਨੂੰ 2 ਮਹੀਨਿਆਂ ਦਾ ਹੋਰ ਸਮਾਂ ਦਿੱਤਾ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ 186 ਮਾਮਲਿਆਂ ਦੀ ਜਾਂਚ ਪੂਰੀ ਕਰਨ ਲਈ ਐੱਸ.ਆਈ.ਟੀ. ਨੂੰ 2 ਮਹੀਨਿਆਂ ਦਾ ਸਮਾਂ ਹੋਰ ਦਿੱਤਾ ਹੈ। ਜਸਟਿਸ ਐੱਮ.ਏ. ਬੋਬੜੇ ਅਤੇ ਐੱਸ. ਅਬਦੁੱਲ ਨਜੀਰ ਦੀ ਬੈਂਚ ਨੂੰ ਐੱਸ.ਆਈ.ਟੀ. ਨੇ ਦੱਸਿਆ ਕਿ 50 ਫੀਸਦੀ ਤੋਂ ਵਧ ਕੰਮ ਕਰ ਲਿਆ ਗਿਆ ਹੈ ਅਤੇ ਉਸ ਨੂੰ ਜਾਂਚ ਪੂਰੀ ਕਰਨ ਲਈ 2 ਮਹੀਨਿਆਂ ਦਾ ਹੋਰ ਸਮਾਂ ਚਾਹੀਦਾ। ਇਸ ਤੋਂ ਬਾਅਦ ਬੈਂਚ ਨੇ ਐੱਸ.ਆਈ.ਟੀ. ਨੂੰ 2 ਮਹੀਨੇ ਦਾ ਸਮਾਂ ਦੇ ਦਿੱਤਾ। ਸੁਪਰੀਮ ਕੋਰਟ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਐੱਸ. ਗੁਰਲਾਦ ਸਿੰਘ ਕਹਲੋਂ ਦੀ ਪਟੀਸ਼ਨ 'ਤੇ ਪੱਖਕਾਰਾਂ ਨੂੰ ਵੀ ਨੋਟਿਸ ਜਾਰੀ ਕੀਤੇ।

ਪਟੀਸ਼ਨ 'ਚ ਦੰਗਿਆਂ 'ਚ ਨਾਮਜ਼ਦ 62 ਪੁਲਸ ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਦੰਗਿਆਂ ਦੇ 186 ਮਾਮਲਿਆਂ ਦੀ ਜਾਂਚ ਦੀ ਨਿਗਰਾਨੀ ਰੱਖਣ ਲਈ ਸਾਬਕਾ ਜੱਜ ਐੱਸ.ਐੱਨ. ਧੀਂਗਰਾ ਦੀ ਪ੍ਰਧਾਨਗੀ 'ਚ 11 ਜਨਵਰੀ ਨੂੰ ਐੱਸ.ਆਈ.ਟੀ. ਦਾ ਗਠਨ ਕੀਤਾ ਸੀ। ਐੱਸ.ਆਈ.ਟੀ. 'ਚ ਰਿਟਾਇਰਡ ਆਈ.ਪੀ.ਐੱਸ. ਅਧਿਕਾਰੀ ਰਾਜਦੀਪ ਸਿੰਘ ਅਤੇ ਆਈ.ਪੀ.ਐੱਸ. ਅਧਿਕਾਰੀ ਅਭਿਸ਼ੇਕ ਦੁਲਾਰ ਵੀ ਸ਼ਾਮਲ ਹਨ। ਫਿਲਹਾਲ ਐੱਸ.ਆਈ.ਟੀ. 'ਚ ਸਿਰਫ 2 ਮੈਂਬਰ ਹਨ, ਕਿਉਂਕਿ ਸਿੰਘ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਸ ਦਲ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ। ਦੱਸਣਯੋਗ ਹੈ ਕਿ 31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ 2 ਸਿੱਖ ਸੁਰੱਖਿਆ ਕਰਮਚਾਰੀਆਂ ਨੇ ਹੱਤਿਆ ਕਰ ਦਿੱਤੀ ਸੀ, ਜਿਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ 'ਚ ਵੱਡੇ ਪੈਮਾਨੇ 'ਤੇ ਦੰਗੇ ਹੋਏ। ਹਿੰਸਾ 'ਚ ਸਿਰਫ ਦਿੱਲੀ 'ਚ ਹੀ 2,733 ਲੋਕਾਂ ਦੀ ਮੌਤ ਹੋ ਗਈ ਸੀ।


author

DIsha

Content Editor

Related News