1984 ਸਿੱਖ ਵਿਰੋਧੀ ਦੰਗੇ : ਕਾਨਪੁਰ ’ਚ 5 ਹੋਰ ਲੋਕ ਗ੍ਰਿਫ਼ਤਾਰ

Friday, Jun 24, 2022 - 10:23 AM (IST)

1984 ਸਿੱਖ ਵਿਰੋਧੀ ਦੰਗੇ : ਕਾਨਪੁਰ ’ਚ 5 ਹੋਰ ਲੋਕ ਗ੍ਰਿਫ਼ਤਾਰ

ਕਾਨਪੁਰ (ਭਾਸ਼ਾ)- ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ’ਚ ਸ਼ਾਮਲ ਹੋਣ ਦੇ ਦੋਸ਼ ’ਚ ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ 5 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਸੀਨੀਅਰ ਅਧਿਕਾਰੀ ਬਾਲੇਂਦਰ ਭੂਸ਼ਣ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਅਗਵਾਈ ’ਚ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਮਾਮਲੇ ’ਚ ਬੁੱਧਵਾਰ ਨੂੰ 5 ਮੁਲਜ਼ਮਾਂ ਜਾਟਵ, ਰਮੇਸ਼ ਚੰਦਰ ਦੀਕਸ਼ਿਤ, ਰਵੀ ਸ਼ੰਕਰ ਮਿਸ਼ਰਾ, ਭੋਲਾ ਕਸ਼ਯਪ ਅਤੇ ਗੰਗਾ ਬਖਸ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਕਿਦਵਈ ਨਗਰ ਦੇ ਵੱਖ-ਵੱਖ ਹਿੱਸਿਆਂ ਦੇ ਵਸਨੀਕ ਹਨ।

ਇਹ ਵੀ ਪੜ੍ਹੋ : ਭਿਆਨਕ ਹਾਦਸਾ; ਬੈਰੀਕੇਡਜ਼ ਨਾਲ ਟਕਰਾਉਣ ਮਗਰੋਂ ਕਾਰ ’ਚ ਲੱਗੀ ਅੱਗ, ਜ਼ਿੰਦਾ ਸੜੇ MBBS ਦੇ 3 ਵਿਦਿਆਰਥੀ

ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਲੋਕਾਂ ਨੂੰ ਸੀ. ਜੇ. ਐੱਮ. ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਸਿੰਘ ਨੇ ਦੱਸਿਆ ਇਨ੍ਹਾਂ ਲੋਕਾਂ ’ਤੇ ਭਾਰਤੀ ਦੰਡਾਵਲੀ ਦੀ ਧਾਰਾ 396 (ਡਕੈਤੀ ਅਤੇ ਹੱਤਿਆ), 436 (ਘਰਾਂ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕਰਨਾ) ਅਤੇ ਧਾਰਾ 326 (ਖਤਰਨਾਕ ਹਥਿਆਰਾਂ ਨਾਲ ਜਾਣਬੁੱਝ ਕੇ ਸੱਟਾਂ ਲਾਉਣਾ) ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਜ਼ਿਲੇ ’ਚ ਇਸ ਮਾਮਲੇ ’ਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ 27 ਮਈ 2019 ਨੂੰ ਕਾਨਪੁਰ 'ਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਹੋਈਆਂ 127 ਮੌਤਾਂ ਦੇ ਮਾਮਲਿਆਂ ਦੀ ਮੁੜ ਜਾਂਚ ਲਈ SIT ਦਾ ਗਠਨ ਕੀਤਾ ਗਿਆ ਸੀ। ਸਿੰਘ ਨੇ ਕਿਹਾ ਕਿ ਦੰਗਿਆਂ ਦੇ ਹੋਰ ਭਗੌੜੇ ਸਾਜ਼ਿਸ਼ਕਾਰਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਐੱਸ.ਆਈ.ਟੀ. ਨੇ ਪਹਿਲਾਂ 96 ਮੁੱਖ ਸ਼ੱਕੀਆਂ ਦੀ ਪਛਾਣ ਕੀਤੀ ਸੀ, ਜਿਨ੍ਹਾਂ ਵਿੱਚੋਂ 22 ਦੀ ਮੌਤ ਹੋ ਚੁੱਕੀ ਹੈ। ਐੱਸ.ਆਈ.ਟੀ. ਕੁੱਲ 11 ਕੇਸਾਂ ਦੀ ਜਾਂਚ ਕਰ ਰਹੀ ਹੈ ਅਤੇ ਇਨ੍ਹਾਂ ਕੇਸਾਂ ਦੇ ਗਵਾਹਾਂ ਤੋਂ ਤੱਥ ਅਤੇ ਸਬੂਤ ਇਕੱਠੇ ਕਰ ਰਹੀ ਹੈ ਜੋ ਦਿੱਲੀ, ਪੰਜਾਬ ਅਤੇ ਰਾਜਸਥਾਨ 'ਚ ਵਸੇ ਹੋਏ ਹਨ। ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ 'ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਨਿਰਾਲਾ ਨਗਰ 'ਚ ਗੁਰਦਿਆਲ ਸਿੰਘ ਨਾਂ ਦੇ ਵਿਅਕਤੀ ਦੇ ਘਰ ਨੂੰ ਅੱਗ ਲਾਉਣ ਦਾ ਦੋਸ਼ ਹੈ। ਉਸ ਸਮੇਂ ਗੁਰੂਦਿਆਲ ਦੇ ਘਰ 'ਚ 12 ਪਰਿਵਾਰ ਕਿਰਾਏ 'ਤੇ ਰਹਿੰਦੇ ਸਨ। ਇਸ ਘਟਨਾ ਵਿਚ ਤਿੰਨ ਲੋਕ ਜ਼ਿੰਦਾ ਸੜ ਗਏ ਸਨ। ਇਸ ਦੇ ਨਾਲ ਹੀ ਕਰਾਸ ਫਾਇਰਿੰਗ ਵਿਚ ਰਾਜੇਸ਼ ਗੁਪਤਾ ਨਾਮ ਦਾ ਇਕ ਦੰਗਾਕਾਰੀ ਮਾਰਿਆ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News