ਤਾਜਿਕਸਤਾਨ ਤੋਂ 184 ਪ੍ਰਵਾਸੀ ਵਿਦਿਆਰਥੀ ਜੈਪੁਰ ਪਰਤੇ, ਆਪਣਿਆਂ ਨੂੰ ਮਿਲ ਕੇ ਖਿੜੇ ਚਿਹਰੇ
Wednesday, Jun 10, 2020 - 06:43 PM (IST)
ਜੈਪੁਰ (ਵਾਰਤਾ)— ਤਾਜਿਕਸਤਾਨ 'ਚ ਐੱਮ. ਬੀ. ਬੀ. ਐੱਸ. ਦਾ ਅਧਿਐਨ ਕਰ ਰਹੇ 184 ਪ੍ਰਵਾਸੀ ਰਾਜਸਥਾਨੀ ਵਿਦਿਆਰਥੀ ਬੁੱਧਵਾਰ ਭਾਵ ਅੱਜ ਫਲਾਈਟ ਤੋਂ ਜੈਪੁਰ ਪਹੁੰਚੇ। ਉਦਯੋਗ ਮਹਿਕਮੇ ਦੇ ਐਡੀਸ਼ਨਲ ਮੁੱਖ ਸਕੱਤਰ ਡਾ. ਸੁਬੋਧ ਅਗਰਵਾਲ ਨੇ ਦੱਸਿਆ ਕਿ ਹਵਾਈ ਅੱਡੇ 'ਤੇ ਥਰਮਲ ਸਕ੍ਰੀਨਿੰਗ, ਡਾਕਟਰਾਂ ਦੀ ਟੀਮ ਵਲੋਂ ਮੈਡੀਕਲ ਚੈਕਅਪ ਤੋਂ ਬਾਅਦ ਸਾਰੇ ਰਾਜਸਥਾਨੀ ਵਿਦਿਆਰਥੀ-ਵਿਦਿਆਰਥਣਾਂ ਨੂੰ ਸੰਸਥਾਗਤ ਕੁਆਰੰਟਾਈਨ ਲਈ ਭੇਜਿਆ ਗਿਆ ਹੈ। ਜੈਪੁਰ ਪਹੁੰਚੇ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਆਪਣਿਆਂ ਵਿਚਾਲੇ ਆਉਣ ਦੀ ਖੁਸ਼ੀ ਸਾਫ ਝਲਕ ਰਹੀ ਸੀ।
ਡਾ. ਅਗਰਵਾਲ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਬਣਾਏ ਗਏ ਏਅਰ ਸੈਲ ਵਲੋਂ ਨਿਯਮਿਤ ਮੋਨੀਟਰਿੰਗ ਕੀਤੀ ਜਾ ਰਹੀ ਹੈ। ਸੂਬੇ ਵਿਚ ਹੁਣ ਤੱਕ 25 ਫਲਾਈਟਾਂ ਤੋਂ ਕਰੀਬ ਸਾਢੇ 3 ਹਜ਼ਾਰ ਪ੍ਰਵਾਸੀ ਰਾਜਸਥਾਨੀ ਜੈਪੁਰ ਪਹੁੰਚ ਚੁੱਕੇ ਹਨ। ਤਜ਼ਾਕਿਸਤਾਨ ਤੋਂ ਅੱਜ ਆਈ ਫਲਾਈਟ ਪੌਣੇ 4 ਵਜੇ ਜੈਪੁਰ ਪਹੁੰਚੀ। ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਹਵਾਈ ਅੱਡੇ 'ਤੇ ਸਵਾਗਤ ਨੂੰ ਲੈ ਕੇ ਸੰਸਥਾਗਤ ਕੁਆਰੰਟੀਨ ਤੱਕ ਦੀਆਂ ਸਾਰੀਆਂ ਵਿਵਸਥਾਵਾਂ ਪੂਰੀਆਂ ਕਰ ਲਈਆਂ ਗਈਆਂ ਹਨ। 14 ਜੂਨ ਨੂੰ ਆਉਣ ਵਾਲੀ ਫਲਾਈਟ 'ਚ ਲੱਗਭਗ 148 ਰਾਜਸਥਾਨੀ ਪ੍ਰਵਾਸੀ ਵਿਦਿਆਰਥੀਆਂ ਦੇ ਜੈਪੁਰ ਆਉਣ ਦੀ ਸੰਭਾਵਨਾ ਹੈ।