ਲੰਪੀ ਰੋਗ ਦਾ ਕਹਿਰ ਜਾਰੀ, ਹਿਮਾਚਲ ਪ੍ਰਦੇਸ਼ ''ਚ ਹੁਣ ਤੱਕ 1738 ਪਸ਼ੂਆਂ ਦੀ ਹੋਈ ਮੌਤ

Tuesday, Sep 06, 2022 - 10:41 AM (IST)

ਲੰਪੀ ਰੋਗ ਦਾ ਕਹਿਰ ਜਾਰੀ, ਹਿਮਾਚਲ ਪ੍ਰਦੇਸ਼ ''ਚ ਹੁਣ ਤੱਕ 1738 ਪਸ਼ੂਆਂ ਦੀ ਹੋਈ ਮੌਤ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਵਿਚ ਪਸ਼ੂਆਂ ਵਿਚ ਲੰਪੀ ਚਮੜੀ ਦੇ ਰੋਗ ਤੇਜ਼ੀ ਨਾਲ ਫੈਲਣ ਕਾਰਨ ਰੋਜ਼ਾਨਾ 100 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਰਹੀ ਹੈ। ਹੁਣ ਤੱਕ 46563 ਪਸ਼ੂ ਸੰਕਰਮਣ ਤੋਂ ਪ੍ਰਭਾਵਿਤ ਹੋਏ ਹਨ, ਜਦੋਂ ਕਿ 1738 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, 16020 ਜਾਨਵਰ ਠੀਕ ਹੋ ਗਏ ਹਨ। ਵੈਕਸੀਨ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਕਿਸਾਨ ਇਸ ਮੁਹਿੰਮ ਲਈ ਲੋੜੀਂਦਾ ਸਟਾਫ਼ ਮੁਹੱਈਆ ਕਰਵਾਉਣ ਦੀ ਮੰਗ ਕਰ ਰਹੇ ਹਨ। ਅਜੇ ਵੀ 28805 ਪਸ਼ੂਆਂ 'ਚ ਇਨਫੈਕਸ਼ਨ ਹੈ। ਇਕ ਵਾਰ ਬਿਮਾਰੀ ਫੈਲ ਜਾਵੇ ਤਾਂ ਸੰਕਰਮਿਤ ਜਾਨਵਰਾਂ ਵਿਚ ਵੈਕਸੀਨ ਵੀ ਕੰਮ ਨਹੀਂ ਕਰਦੀ। ਇਸ ਲਈ ਵਿਭਾਗ ਵੱਲੋਂ ਉਨ੍ਹਾਂ ਪਸ਼ੂਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਇਨਫੈਕਸ਼ਨ ਨਹੀਂ ਹੋਈ, ਤਾਂ ਜੋ ਇਸ ਬੀਮਾਰੀ ਤੋਂ ਬਚਿਆ ਜਾ ਸਕੇ। ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਕੁਲਦੀਪ ਸਿੰਘ ਤੰਵਰ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਕੋਲ ਇਸ ਬਿਮਾਰੀ ਨਾਲ ਨਜਿੱਠਣ ਲਈ ਢੁੱਕਵਾਂ ਬੁਨਿਆਦੀ ਢਾਂਚਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਿੱਖਿਅਤ ਫਾਰਮਾਸਿਸਟਾਂ ਨੂੰ ਆਰਜ਼ੀ ਤੌਰ 'ਤੇ ਟੀਕਾਕਰਨ ਮੁਹਿੰਮ ਵਿਚ ਲਗਾ ਦੇਣਾ ਚਾਹੀਦਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਸ਼ੂ ਪਾਲਕਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਊਨਾ ਵਿਚ ਲੰਪੀ ਬਿਮਾਰੀ ਕਾਰਨ 33 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜਦਕਿ 258 ਪਸ਼ੂ ਇਸ ਬਿਮਾਰੀ ਤੋਂ ਪੀੜਤ ਪਾਏ ਗਏ ਹਨ। ਲੰਪੀ ਬੀਮਾਰੀ ਜ਼ਿਲ੍ਹੇ 'ਚ ਇੰਨੀ ਫੈਲ ਚੁੱਕੀ ਹੈ ਕਿ ਹੁਣ ਇਹ ਸੰਭਲਣ ਦਾ ਨਾਂ ਨਹੀਂ ਲੈ ਰਹੀ ਹੈ। ਪਸ਼ੂ ਲਗਾਤਾਰ ਮਰ ਰਹੇ ਹਨ। ਬੇਸ਼ੱਕ ਪਸ਼ੂ ਪਾਲਣ ਵਿਭਾਗ ਇਸ ਬਿਮਾਰੀ ਨਾਲ ਨਜਿੱਠਣ ਲਈ ਕਈ ਕਦਮ ਚੁੱਕ ਰਿਹਾ ਹੈ ਪਰ ਮੌਤਾਂ ਦਾ ਅੰਕੜਾ ਵਿਭਾਗੀ ਕੋਸ਼ਿਸ਼ਾਂ 'ਤੇ ਪਾਣੀ ਫੇਰ ਰਿਹਾ ਹੈ। ਆਏ ਦਿਨ ਪਸ਼ੂਆਂ ਦੀ ਮੌਤ ਕਾਰਨ ਪਸ਼ੂ ਪਾਲਕ ਵੀ ਪ੍ਰੇਸ਼ਾਨ ਹੋ ਗਏ ਹਨ। ਜ਼ਿਲ੍ਹੇ ਵਿਚ ਹੁਣ ਤੱਕ 506 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 8333 ਪਸ਼ੂ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚੋਂ 3336 ਪਸ਼ੂ ਤੰਦਰੁਸਤ ਹੋ ਚੁੱਕੇ ਹਨ ਅਤੇ 4491 ਦਾ ਇਲਾਜ ਕੀਤਾ ਜਾ ਰਿਹਾ ਹੈ।


author

DIsha

Content Editor

Related News