ਸੁਪਰੀਮ ਕੋਰਟ ’ਚ ਵਕੀਲ ਦੀ ਦਲੀਲ, ਹਿਜਾਬ ਬੈਨ ਤੋਂ ਬਾਅਦ 17000 ਵਿਦਿਆਰਥਣਾਂ ਨੇ ਛੱਡਿਆ ਸਕੂਲ
Thursday, Sep 15, 2022 - 03:39 PM (IST)
ਨਵੀਂ ਦਿੱਲੀ– ਸੁਪਰੀਮ ਕੋਰਟ ’ਚ ਹਿਜਾਬ ਬੈਨ ਨੂੰ ਲੈ ਕੇ ਬੁੱਧਵਾਰ ਨੂੰ ਵੀ ਅਹਿਮ ਸੁਣਵਾਈ ਹੋਈ। ਇਸ ਦੌਰਾਨ ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਵਕੀਲ ਹੁਜ਼ੈਫਾ ਅਹਿਮਦੀ ਨੇ ਦਾਅਵਾ ਕੀਤਾ ਹੈ ਕਿ ਕਰਨਾਟਕ ਹਾਈ ਕੋਰਟ ਦੇ ਹਿਜਾਬ ’ਤੇ ਪਾਬੰਦੀ ਲਾਉਣ ਦੇ ਫੈਸਲੇ ਤੋਂ ਬਾਅਦ ਤੋਂ 17000 ਵਿਦਿਆਰਥਣਾਂ ਨੇ ਸਕੂਲ ਛੱਡ ਦਿੱਤਾ ਹੈ ਅਤੇ ਪ੍ਰੀਖਿਆ ’ਚ ਨਹੀਂ ਬੈਠ ਸਕੀਆਂ।
ਸੁਣਵਾਈ ਦੌਰਾਨ ਹੁਜ਼ੈਫਾ ਅਹਿਮਦੀ ਨੂੰ ਜਸਟਿਸ ਸੁਧਾਂਸ਼ੂ ਧੂਲੀਆ ਨੇ ਪੁੱਛਿਆ ਸੀ ਕਿ ਕੀ ਤੁਹਾਡੇ ਕੋਲ ਇਸ ਗੱਲ ਦਾ ਕੋਈ ਅੰਕੜਾ ਹੈ ਕਿ ਹਿਜਾਬ ’ਤੇ ਪਾਬੰਦੀ ਤੋਂ ਬਾਅਦ ਕਿੰਨੀਆਂ ਵਿਦਿਆਰਥਣਾਂ ਨੇ ਸਕੂਲ ਛੱਡ ਦਿੱਤਾ ਹੈ। ਅਹਿਮਦੀ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਹਾਈ ਕੋਰਟ ਦੇ ਇਕ ਫੈਸਲੇ ਕਾਰਨ ਕਈ ਵਿਦਿਆਰਥਣਾਂ ਸਕੂਲੀ ਸਿੱਖਿਆ ਤੋਂ ਵਾਂਝੀਆਂ ਰਹਿ ਗਈਆਂ ਹਨ।
ਹੁਜ਼ੈਫਾ ਅਹਿਮਦੀ ਨੇ ਵੀ ਵਿਭਿੰਨਤਾ ਨੂੰ ਲੈ ਕੇ ਕਈ ਦਲੀਲਾਂ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਕਿ ਕਿਸੇ ਦਾ ਹਿਜਾਬ ਪਹਿਨਣਾ ਦੂਜੇ ਨੂੰ ਕਿਵੇਂ ਗਲਤ ਲੱਗ ਸਕਦਾ ਹੈ। ਕਿਸੇ ਨੂੰ ਇਹ ਮਹਿਸੂਸ ਕਿਉਂ ਹੋਣਾ ਚਾਹੀਦਾ ਹੈ ਕਿ ਕਿਸੇ ਦੀਆਂ ਧਾਰਮਿਕ ਰਸਮਾਂ ਧਰਮ ਨਿਰਪੱਖ ਸਿੱਖਿਆ ਜਾਂ ਏਕਤਾ ’ਚ ਕਿਵੇਂ ਰੁਕਾਵਟ ਪਾਉਂਦੀਆਂ ਹਨ? ਜੇਕਰ ਕੋਈ ਹਿਜਾਬ ਪਹਿਨ ਕੇ ਸਕੂਲ ਜਾਵੇ ਤਾਂ ਕੋਈ ਦੂਸਰਾ ਕਿਉਂ ਭੜਕੇ?