ਕਰਨਾਟਕ ਦੇ 17 ਅਯੋਗ ਵਿਧਾਇਕਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ

11/13/2019 11:05:13 AM

ਨਵੀਂ ਦਿੱਲੀ—ਕਰਨਾਟਕ 'ਚ ਕਾਂਗਰਸ ਅਤੇ ਜਨਤਾ ਦਲ ਸੈਕੂਲਰ (ਜੇ ਡੀ ਐੱਸ) ਦੇ 17 ਅਯੋਗ ਵਿਧਾਇਕਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ 17 ਅਯੋਗ ਵਿਧਾਇਕ ਚੋਣ ਲੜ ਸਕਦੇ ਹਨ। ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਅੱਜ ਕਰਨਾਟਕ ਦੇ 17 ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਕਰਨ 'ਤੇ ਵਿਧਾਨ ਸਭਾ ਸਪੀਕਰ ਦੇ ਆਦੇਸ਼ਾਂ ਨੂੰ ਸਹੀ ਠਹਿਰਾਇਆ ਪਰ ਸੂਬੇ 'ਚ 15 ਸੀਟਾਂ 'ਤੇ 5 ਦਸੰਬਰ ਨੂੰ ਹੋਣ ਵਾਲੀਆਂ ਉਪ ਚੋਣਾਂ 'ਚ ਹਿੱਸਾ ਲੈਣ ਦਾ ਉਨ੍ਹਾਂ ਦਾ ਮਾਰਗ ਪੱਧਰਾ ਕਰ ਦਿੱਤਾ ਹੈ। ਜਸਟਿਸ ਐੱਨ.ਵੀ. ਰਮਣ, ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਕ੍ਰਿਸ਼ਣ ਮੁਰਾਰੀ ਦੀ ਬੈਂਚ ਨੇ ਉਸ ਸਮੇਂ ਦੇ ਪ੍ਰਧਾਨ ਕੇ.ਆਰ. ਰਮੇਸ਼ ਕੁਮਾਰ ਦੇ ਆਦੇਸ਼ ਦਾ ਉਹ ਹਿੱਸਾ ਰੱਦ ਕਰ ਦਿੱਤਾ, ਜਿਸ 'ਚ ਇਨ੍ਹਾਂ ਵਿਧਾਇਕਾਂ ਨੂੰ 15ਵੀਂ ਵਿਧਾਨ ਸਭਾ ਦੇ ਕਾਰਜਕਾਲ ਦੇ ਅੰਤ ਤੱਕ ਦੇ ਲਈ ਅਯੋਗ ਕਰਾਰ ਕੀਤੇ ਗਏ ਸਨ। ਬੈਂਚ ਨੇ ਆਪਣੇ ਫੈਸਲੇ 'ਚ ਕਿਹਾ,''ਅਸੀਂ ਅਯੋਗਤਾ ਦੇ ਬਾਰੇ ਸਪੀਕਰ ਦੇ ਆਦੇਸ਼ਾਂ ਨੂੰ ਸਹੀ ਠਹਿਰਾ ਰਹੇ ਹਨ ਪਰ ਅਸੀਂ ਆਦੇਸ਼ ਦੇ ਦੂਜੇ ਹਿੱਸੇ ਨੂੰ ਰੱਦ ਕਰ ਦਿੱਤਾ ਹੈ, ਜਿਸ 'ਚ ਕਿਹਾ ਗਿਆ ਸੀ ਕਿ ਇਹ ਅਯੋਗਤਾ ਵਰਤਮਾਨ ਵਿਧਾਨ ਸਭਾ ਦਾ ਕਾਰਜਕਾਲ ਦੇ ਅੰਤ ਤੱਕ ਹੈ। ''

ਜ਼ਿਕਰਯੋਗ ਹੈ ਕਿ 25 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਕਰਨਾਟਕ 'ਚ ਵਿਧਾਇਕਾਂ ਦੀ ਅਯੋਗਤਾ ਤੋਂ ਬਾਅਦ ਖਾਲੀ ਹੋਈਆਂ 15 ਵਿਧਾਨ ਸਭਾ ਸੀਟਾਂ 'ਤੇ 5 ਦਸੰਬਰ ਨੂੰ ਉਪ ਚੋਣਾਂ ਕਰਵਾਉਣੀਆਂ ਹਨ। ਅਯੋਗ ਵਿਧਾਇਕਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਵਿਧਾਇਕਾਂ ਦੇ ਬਾਗੀ ਹੋ ਜਾਣ ਤੋਂ ਬਾਅਦ ਜੇ.ਡੀ.ਐੱਸ-ਕਾਂਗਰਸ ਗਠਜੋੜ ਦੀ ਸਰਕਾਰ ਡਿੱਗ ਗਈ ਸੀ ਅਤੇ ਬਾਅਦ 'ਚ ਭਾਜਪਾ ਨੇ ਬੀ.ਐੱਸ. ਯੇਦੀਯੁਰੱਪਾ ਦੀ ਅਗਵਾਈ 'ਚ ਸੂਬੇ 'ਚ ਸਰਕਾਰ ਬਣਾਈ ਸੀ। ਇਸ ਸਾਲ ਜੁਲਾਈ 'ਚ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਨੇ ਦਲ-ਬਦਲੂ ਕਾਨੂੰਨ ਤਹਿਤ ਇਨ੍ਹਾਂ 17 ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਕੀਤਾ ਸੀ। ਸਪੀਕਰ ਵੱਲੋਂ ਅਯੋਗ ਐਲਾਨ ਕੀਤੇ ਗਏ ਵਿਧਾਇਕਾਂ 'ਚ 14 ਵਿਧਾਇਕ ਕਾਂਗਰਸ ਦੇ ਹਨ ਅਤੇ ਜਦਕਿ 3 ਵਿਧਾਇਕ ਜੇ.ਡੀ.ਐੱਸ. 'ਚ ਹਨ।


Iqbalkaur

Content Editor

Related News