ਦੱਖਣੀ ਅਫਰੀਕਾ ''ਚ ਫਸੇ 26 ਵਿਗਿਆਨੀਆਂ ਸਣੇ 150 ਭਾਰਤੀ ਪਰਤਣਗੇ ਦੇਸ਼, ਕਈ ਕਰ ਰਹੇ ਇੰਤਜ਼ਾਰ

05/20/2020 9:22:50 AM

ਜੋਹਨਸਬਰਗ- ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਲਗਾਏ ਲਾਕਡਾਊਨ ਕਾਰਨ ਦੱਖਣੀ ਅਫਰੀਕਾ ਦੇ ਕੇਪ ਟਾਊਨ ਵਿਚ ਫਸੇ 26 ਭਾਰਤੀ ਵਿਗਿਆਨੀ ਇਸ ਹਫਤੇ ਦੇਸ਼ ਪਰਤਣਗੇ। ਉਹ ਇਕ ਮੁਹਿੰਮ ਲਈ ਅੰਟਾਰਕਟਿਕਾ ਗਏ ਸਨ ਅਤੇ ਲਾਕਡਾਊਨ ਕਾਰਨ ਦੱਖਣੀ ਅਫਰੀਕਾ ਵਿਚ ਫਸ ਗਏ ਸਨ। ਇਹ ਵਿਗਿਆਨੀ ਉਨ੍ਹਾਂ ਤਕਰੀਬਨ 150 ਭਾਰਤੀ ਨਾਗਰਿਕਾਂ ਵਿੱਚ ਸ਼ਾਮਲ ਹਨ ਜੋ ਦੱਖਣੀ ਅਫਰੀਕਾ ਦੇ ਏਅਰਵੇਜ਼ (ਐੱਸ. ਐੱਸ. ਏ.) ਤੋਂ ਜਹਾਜ਼ ਰਾਹੀਂ ਵਾਪਸ ਪਰਤਣਗੇ। ਇਹ ਜਹਾਜ਼ ਸ਼ੁੱਕਰਵਾਰ ਨੂੰ ਜੋਹਨਸਬਰਗ ਤੋਂ ਮੁੰਬਈ ਅਤੇ ਦਿੱਲੀ ਲਈ ਰਵਾਨਾ ਹੋਵੇਗਾ। ਜੋਹਨਸਬਰਗ ਵਿਚ ਭਾਰਤੀ ਕੌਂਸਲ ਜਨਰਲ ਅੰਜੂ ਰੰਜਨ ਨੇ ਦੱਸਿਆ ਕਿ 1 ਹਜ਼ਾਰ ਤੋਂ ਵੱਧ ਭਾਰਤੀ ਨਾਗਰਿਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। 

ਦੱਖਣੀ ਅਫਰੀਕਾ ਦੇ ਗ੍ਰਹਿ ਵਿਭਾਗ ਵਲੋਂ ਨਿਰਧਾਰਤ ਮਾਪਦੰਡਾਂ ਦੇ ਅਧਾਰ 'ਤੇ ਭਾਰਤੀ ਮਿਸ਼ਨ ਇਨ੍ਹਾਂ ਯਾਤਰੀਆਂ ਦੀ ਜਾਂਚ ਕਰੇਗਾ। ਰੰਜਨ ਨੇ ਇੱਕ ਫੇਸਬੁੱਕ ਪ੍ਰਸਾਰਣ ਵਿਚ ਕਿਹਾ, ''ਅਸੀਂ ਲੋੜਾਂ ਦੇ ਅਧਾਰ 'ਤੇ  ਯਾਤਰੀਆਂ ਨੂੰ ਚੁਣਨਾ ਸੀ।'' ਡਿਪਲੋਮੈਟ ਨੇ ਕਿਹਾ ਕਿ ਬਚੇ ਹੋਏ ਲੋਕਾਂ ਨੂੰ ਭਾਰਤ ਸਰਕਾਰ ਦੇ ਵੰਦੇ ਭਾਰਤ ਮੁਹਿੰਮ ਤਹਿਤ ਏਅਰ ਇੰਡੀਆ ਦੇ ਜਹਾਜ਼ ਰਾਹੀਂ ਘਰ ਭੇਜਿਆ ਜਾ ਸਕਦਾ ਹੈ।

ਰੰਜਨ ਨੇ ਕਿਹਾ, "ਇਸ ਹਵਾਈ ਜਹਾਜ਼ ਰਾਹੀਂ ਜਿਹੜੇ ਲੋਕ ਵਾਪਸ ਆ ਰਹੇ ਹਨ, ਉਨ੍ਹਾਂ ਵਿਚ ਭਾਰਤ ਦੇ 26 ਵਿਗਿਆਨੀ ਵੀ ਸ਼ਾਮਲ ਹਨ ਜੋ ਅੰਟਾਰਕਟਿਕਾ ਦੀ ਮੁਹਿੰਮ ਤੋਂ ਪਰਤਣ ਦੇ ਬਾਅਦ ਕੇਪ ਟਾਊਨ ਵਿੱਚ ਫਸ ਗਏ ਸਨ।" ਉਨ੍ਹਾਂ ਕਿਹਾ ਕਿ ਸਾਡੀ ਪਹਿਲ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਤਰਜੀਹ ਦੇਣ ਦੀ ਸੀ ਕਿਉਂਕਿ ਉਹ ਉੱਥੇ ਤਿੰਨ ਮਹੀਨਿਆਂ ਤੋਂ ਫਸੇ ਹੋਏ ਸਨ।

ਉਨ੍ਹਾਂ ਕਿਹਾ ਕਿ ਤਟੀ ਸ਼ਹਿਰ ਡਰਬਨ ਵਿੱਚ ਫਸੇ ਆਈ. ਐੱਸ. ਏ. ਕਰੂਜ਼ ਦੇ 93 ਮੈਂਬਰ ਵੀ ਉਨ੍ਹਾਂ ਦੀ ਤਰਜੀਹ ਹਨ। ਹੋਰ ਲੋਕ ਜਿਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਭੇਜਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਉਨ੍ਹਾਂ ਵਿਚ ਬੀਮਾਰ ਜਾਂ ਅਸਥਾਈ ਸੈਲਾਨੀ ਵੀਜ਼ਾ ਵਾਲੇ ਲੋਕ ਸ਼ਾਮਲ ਹਨ। ਰੰਜਨ ਨੇ ਕਿਹਾ ਕਿ ਇਕ ਪਾਸੇ ਦੀ ਯਾਤਰਾ ਦਾ ਕਿਰਾਇਆ 15,000 ਰੈਂਡਜ਼ ਹੈ ਜੋ ਐੱਸ. ਏ. ਏ. ਨੇ ਨਿਰਧਾਰਤ ਕੀਤਾ ਹੈ ਅਤੇ ਭਾਰਤ ਸਰਕਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਆਮ ਟਿਕਟ ਦੀ ਕੀਮਤ ਨਾਲੋਂ ਲਗਭਗ ਤਿੰਨ ਗੁਣਾ ਜ਼ਿਆਦਾ ਇਹ ਕਿਰਾਇਆ ਯਾਤਰੀਆਂ ਨੂੰ ਹੀ ਦੇਣਾ ਪਵੇਗਾ। ਰੰਜਨ ਨੇ ਕਿਹਾ ਕਿ ਵੰਦੇ ਭਾਰਤ ਮੁਹਿੰਮ ਦੇ ਤੀਜੇ ਪੜਾਅ ਵਿਚ ਏਅਰ ਇੰਡੀਆ ਦਾ ਜਹਾਜ਼ ਜੂਨ ਵਿਚ ਪਹੁੰਚ ਸਕਦਾ ਹੈ ਕਿਉਂਕਿ ਅਜੇ ਇਸ ਲਈ ਕੋਈ ਤਰੀਰ ਤੈਅ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਦੂਜੇ ਪੜਾਅ ਵਿਚ ਹੈ। ਰੰਜਨ ਨੇ ਕਿਰਾਏ ਦੀ ਅਦਾਇਗੀ ਨਾ ਕਰਨ ਕਾਰਨ ਜਹਾਜ਼ ਵਿਚ ਸਵਾਰ ਨਾ ਹੋਣ ‘ਤੇ ਅਫ਼ਸੋਸ ਜ਼ਾਹਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਅਤੇ ਉਹ ਸਾਡੀਆਂ ਆਪਣੀਆਂ ਉਡਾਣਾਂ ਲਈ ਹੌਂਸਲੇ ਨਾਲ ਇੰਤਜ਼ਾਰ ਕਰਨ।


Lalita Mam

Content Editor

Related News