3 ਨੌਜਵਾਨਾਂ ਨੇ ਰੋਲ਼ੀ 15 ਸਾਲਾ ਕੁੜੀ ਦੀ ਪੱਤ, 20 ਦਿਨਾਂ ਤੱਕ ਬਣਾਉਂਦੇ ਰਹੇ ਹਵਸ ਦਾ ਸ਼ਿਕਾਰ
Friday, Mar 01, 2024 - 10:21 PM (IST)
ਜੀਂਦ- ਜ਼ਿਲ੍ਹੇ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ 15 ਸਾਲਾ ਕੁੜੀ ਨੂੰ ਕਥਿਤ ਤੌਰ 'ਤੇ 3 ਨੌਜਵਾਨਾਂ ਨੇ ਅਗਵਾ ਕਰਕੇ 20 ਦਿਨ ਤੱਕ ਜ਼ਬਰ-ਜਨਾਹ ਕੀਤਾ। ਪੁਲਸ ਨੇ ਦੱਸਿਆ ਕਿ ਨਾਬਾਲਗ ਨੂੰ ਬਚਾ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਮਾਮਲਾ 20 ਦਿਨ ਪਹਿਲਾਂ ਉਦੋਂ ਸਾਹਮਣੇ ਆਇਆ ਸੀ ਜਦੋਂ ਕੁੜੀ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਪਿਤਾ ਨੇ ਐਫ.ਆਈ.ਆਰ. ਦਰਜ ਕਰਵਾਈ। ਇਸ ਦੌਰਾਨ ਛੁਡਾਏ ਜਾਣ ਤੋਂ ਬਾਅਦ ਕੁੜੀ ਨੇ ਪੁਲਸ ਨੂੰ ਦੱਸਿਆ ਕਿ ਅਗਵਾ ਕਰਨ ਤੋਂ ਬਾਅਦ ਤਿੰਨਾਂ ਦੋਸ਼ੀਆਂ ਨੇ ਉਸ ਨਾਲ ਜ਼ਬਰ-ਜਨਾਹ ਕੀਤਾ।
ਅਣਪਛਾਤੇ ਵਿਅਕਤੀਆਂ ਖਿਲਾਫ ਅਗਵਾ ਦੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਤਿੰਨਾਂ ਦੀ ਪਛਾਣ ਸਾਹਮਣੇ ਆਈ ਹੈ। ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਵਿੱਚੋਂ ਦੋ ਉਸ ਪਿੰਡ ਦੇ ਰਹਿਣ ਵਾਲੇ ਹਨ ਅਤੇ ਤੀਜਾ ਉੱਤਰ ਪ੍ਰਦੇਸ਼ ਵਿੱਚ ਰਹਿੰਦਾ ਹੈ।
ਪੁਲਸ ਮੁਤਾਬਕ ਦੋਸ਼ੀਆਂ 'ਤੇ ਪੋਕਸੋ ਐਕਟ ਅਤੇ ਭਾਰਤੀ ਦੰਡਾਵਲੀ ਦੀਆਂ ਹੋਰ ਧਾਰਾਵਾਂ ਦੇ ਤਹਿਤ ਜ਼ਬਰ-ਜਨਾਹ ਅਤੇ ਅਗਵਾ ਕਰਨ ਦੇ ਦੋਸ਼ ਲਗਾਏ ਗਏ ਹਨ।