ਸ਼੍ਰੀਨਗਰ ''ਚ ਮੁਹਰਮ ਦੌਰਾਨ ਪਥਰਾਅ, 15 ਤੋਂ ਵਧੇਰੇ ਪੁਲਸ ਮੁਲਾਜ਼ਮ ਜ਼ਖਮੀ

Monday, Aug 31, 2020 - 02:20 PM (IST)

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਵਿਚ ਮੁਹਰਮ 'ਤੇ ਕੱਢੇ ਗਏ ਜਲੂਸ ਦੌਰਾਨ ਕੀਤੇ ਗਏ ਪਥਰਾਅ 'ਚ 15 ਤੋਂ ਵੱਧ ਪੁਲਸ ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼੍ਰੀਨਗਰ ਵਿਚ ਐਤਵਾਰ ਨੂੰ ਕਈ ਥਾਵਾਂ 'ਤੇ ਮੁਹਰਮ ਦੇ ਜਲੂਸ ਕੱਢੇ ਗਏ ਅਤੇ ਇਸ ਦੌਰਾਨ ਕੁਝ ਥਾਵਾਂ 'ਤੇ ਜਦੋਂ ਲੋਕਾਂ ਨੂੰ ਕਿਹਾ ਗਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਜਲੂਸ ਕੱਢਣ ਦੀ ਆਗਿਆ ਨਹੀਂ ਹੈ ਤਾਂ ਉਹ ਪਥਰਾਅ ਕਰਨ ਲੱਗੇ। 

ਬੁਲਾਰੇ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਜ਼ਿਆਦਾਤਰ ਜਲੂਸ ਸ਼ਾਂਤੀਪੂਰਨ ਢੰਗ ਨਾਲ ਬੰਦ ਹੋ ਗਏ ਪਰ ਕੁਝ ਥਾਵਾਂ 'ਤੇ ਜਲੂਸ ਕੱਢਣ ਵਾਲੇ ਪੁਲਸ ਨੂੰ ਧੱਕਾ ਦੇਣ ਲੱਗੇ ਅਤੇ ਪਥਰਾਅ ਦਾ ਸਹਾਰਾ ਲਿਆ। ਪਥਰਾਅ 'ਚ 15 ਤੋਂ ਵੱਧ ਪੁਲਸ ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਬਾਅਦ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸ਼੍ਰੀਨਗਰ ਵਿਚ ਕਈ ਥਾਵਾਂ 'ਤੇ ਕੋਵਿਡ-19 ਪ੍ਰੋਟੋਕਾਲ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਦੇ ਹੋਏ ਮੁਹਰਮ ਦੇ ਜਲੂਸ ਕੱਢੇ ਗਏ। 

ਪੁਲਸ ਨੂੰ ਇਸ ਦੌਰਾਨ ਹਿੰਸਾ ਅਤੇ ਪਥਰਾਅ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਪੁਲਸ ਨੇ ਸੰਜਮ ਵਰਤਦੇ ਹੋਏ ਹਿੰਸਾ ਦਾ ਸਹਾਰਾ ਨਹੀਂ ਲਿਆ ਅਤੇ ਲੋਕਾਂ ਦਰਮਿਆਨ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਦਰਮਿਆਨ ਸਿਆਸੀ ਦਲਾਂ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੇ ਜਲੂਸ ਕੱਢਣ ਵਾਲਿਆਂ ਵਿਰੁੱਧ ਪੁਲਸ ਕਾਰਵਾਈ ਦੀ ਨਿੰਦਿਆ ਕੀਤੀ ਹੈ।


Tanu

Content Editor

Related News