ਬਰਾਤ ''ਚ ਉਡਾਏ ਨੋਟ ਚੁੱਕਣ ''ਤੇ 14 ਸਾਲ ਦੇ ਮਾਸੂਮ ਸਾਹਿਲ ਨੂੰ CISF ਜਵਾਨ ਨੇ ਮਾਰੀ ਗੋਲੀ
Tuesday, Dec 02, 2025 - 05:49 PM (IST)
ਨੈਸ਼ਨਲ ਡੈਸਕ : ਦਿੱਲੀ ਦੇ ਸ਼ਾਹਦਰਾ ਇਲਾਕੇ 'ਚ ਸ਼ਨੀਵਾਰ ਰਾਤ ਨੂੰ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ 14 ਸਾਲ ਦੇ ਮਾਸੂਮ ਬੱਚੇ ਸਾਹਿਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਾਹਿਲ ਵਿਆਹ ਦੀ ਬਰਾਤ 'ਚ ਖੁਸ਼ੀ 'ਚ ਹਵਾ 'ਚ ਸੁੱਟੇ ਗਏ ਨੋਟ ਚੁੱਕ ਰਿਹਾ ਸੀ, ਜਦੋਂ ਇੱਕ CISF ਜਵਾਨ ਨੇ ਗੁੱਸੇ ਵਿੱਚ ਆ ਕੇ ਉਸਦੀ ਜਾਨ ਲੈ ਲਈ।
ਗੁੱਸੇ 'ਚ ਕੀਤੀ ਗੋਲੀਬਾਰੀ
ਇਹ ਘਟਨਾ ਸ਼ਾਹਦਰਾ 'ਚ ਇੱਕ ਵਿਆਹ ਸਮਾਰੋਹ ਦੌਰਾਨ ਵਾਪਰੀ। ਸਾਹਿਲ, ਜੋ ਕਿ ਆਪਣੇ ਮੁਹੱਲੇ ਦੇ ਹੋਰ ਬੱਚਿਆਂ ਵਾਂਗ ਬਰਾਤ ਦਾ ਜਸ਼ਨ ਦੇਖਣ ਲਈ ਰੁਕਿਆ ਸੀ, ਹਵਾ 'ਚ ਸੁੱਟੇ ਗਏ ਨੋਟਾਂ ਨੂੰ ਚੁੱਕਣ ਲੱਗਾ। ਇਸ ਦੌਰਾਨ ਲਾੜੇ ਦੇ ਚਚੇਰੇ ਭਰਾ, ਜੋ ਕਿ ਇੱਕ CISF ਜਵਾਨ ਹੈ, ਨੇ ਸਾਹਿਲ ਨੂੰ ਕਾਲਰ ਤੋਂ ਫੜ ਲਿਆ।
ਚਸ਼ਮਦੀਦਾਂ ਤੇ ਸਾਹਿਲ ਦੇ ਜੀਜਾ ਤਬਰੇਜ਼ ਆਲਮ ਅਨੁਸਾਰ, ਜਦੋਂ ਸਾਹਿਲ ਨੇ ਪੁੱਛਿਆ ਕਿ ਉਸਦੀ ਕੀ ਗਲਤੀ ਹੈ, ਤਾਂ ਉਸ ਵਿਅਕਤੀ ਨੇ ਉਸਨੂੰ ਕਈ ਥੱਪੜ ਮਾਰੇ ਤੇ ਹੋਰ ਭੜਕ ਗਿਆ। ਗੁੱਸੇ ਵਿੱਚ ਆ ਕੇ ਉਸ ਜਵਾਨ ਨੇ ਪਿਸਤੌਲ ਕੱਢੀ ਅਤੇ ਸਾਹਿਲ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।
ਗੋਲੀ ਲੱਗਣ ਤੋਂ ਬਾਅਦ ਲੋਕ ਤੁਰੰਤ ਸਾਹਿਲ ਨੂੰ ਹਸਪਤਾਲ ਲੈ ਗਏ। ਹਾਲਾਂਕਿ, ਹੈਡਗੇਵਾਰ ਹਸਪਤਾਲ ਦੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਗ੍ਰਿਫ਼ਤਾਰੀ ਤੇ ਮਾਨਸਿਕ ਸਿਹਤ ਦਾ ਪਹਿਲੂ
ਪੁਲਸ ਨੇ ਇਸ ਮਾਮਲੇ ਵਿੱਚ ਬੀਤੇ ਦਿਨ ਮੁਲਜ਼ਮ CISF ਜਵਾਨ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਅਤੇ ਸੋਮਵਾਰ ਨੂੰ ਉਸਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਜਵਾਨ ਕਥਿਤ ਤੌਰ 'ਤੇ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ।
ਪਰਿਵਾਰ ਦਾ ਟੁੱਟਿਆ ਸਹਾਰਾ
ਸਾਹਿਲ ਦਾ ਪਰਿਵਾਰ ਇਸ ਹਾਦਸੇ ਤੋਂ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਸਾਹਿਲ ਦੀ ਮਾਂ ਨਿਸ਼ਾ ਨੇ ਦੱਸਿਆ ਕਿ ਉਸਦੇ ਬੇਟੇ ਦੀ ਇੱਕੋ ਇੱਕ ਗਲਤੀ ਇਹ ਸੀ ਕਿ ਉਹ ਘਰ ਦੀ ਹਾਲਤ ਸੁਧਾਰਨ ਲਈ ਕੰਮ ਕਰਦਾ ਸੀ। ਸਾਹਿਲ ਤਿੰਨ ਭਰਾਵਾਂ ਅਤੇ ਤਿੰਨ ਭੈਣਾਂ ਵਿੱਚ ਸਭ ਤੋਂ ਮਿਹਨਤੀ ਸੀ।
ਦਰਅਸਲ, ਕੁਝ ਮਹੀਨੇ ਪਹਿਲਾਂ ਸਾਹਿਲ ਦੇ ਪਿਤਾ, ਸਿਰਾਜੂਦੀਨ, ਨੂੰ ਲਕਵੇ (Paralytic Attack) ਦਾ ਦੌਰਾ ਪੈ ਗਿਆ ਸੀ, ਜਿਸ ਕਾਰਨ ਉਹ ਕੰਮ ਕਰਨ ਤੋਂ ਅਸਮਰੱਥ ਹੋ ਗਏ ਸਨ। ਪਰਿਵਾਰ ਦੀ ਮਜਬੂਰੀ ਕਾਰਨ ਸਾਹਿਲ ਨੂੰ ਸਕੂਲ ਛੱਡਣਾ ਪਿਆ। ਉਹ ਕਿਰਾਨੇ ਦੀ ਦੁਕਾਨ 'ਤੇ ਰੋਜ਼ਾਨਾ 11 ਘੰਟੇ ਦੀ ਡਿਊਟੀ ਕਰਦਾ ਸੀ, ਜਿਸ ਦੇ ਬਦਲੇ ਉਸਨੂੰ 6,000 ਰੁਪਏ ਪ੍ਰਤੀ ਮਹੀਨਾ ਮਿਲਦੇ ਸਨ। ਪਰਿਵਾਰ ਨੇ ਇਹ ਵੀ ਦੱਸਿਆ ਕਿ ਜੋ ਨੋਟ ਸਾਹਿਲ ਚੁੱਕ ਰਿਹਾ ਸੀ, ਉਹ ਵੀ ਨਕਲੀ ਸਨ।
