ਮੈਡੀਕਲ ਸਿੰਡੀਕੇਟ ਦਾ ਪਰਦਾਫਾਸ਼, ਪੈਸੇ ਲੈ ਕੇ 8ਵੀਂ ਪਾਸ ਨੂੰ ਵੀ ਬਣਾ'ਤਾ 'ਡਾਕਟਰ'
Friday, Dec 06, 2024 - 10:08 PM (IST)
ਸੂਰਤ- ਗੁਜਰਾਤ ਦੀ ਪੁਲਸ ਨੇ ਮੈਡੀਕਲ ਦੀਆਂ ਫਰਜ਼ੀ ਡਿਗਰੀਆਂ ਦੇਣ ਵਾਲੇ ਇਕ ਗਿਰੋਹ ਦਾ ਸੂਰਤ ’ਚ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਪਿਛਲੇ 32 ਸਾਲਾਂ ਤੋਂ ਘੱਟ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ 70,000 ਰੁਪਏ ’ਚ ਜਾਅਲੀ ਡਿਗਰੀਆਂ ਦੇਣ ਦਾ ਕੰਮ ਕਰ ਰਿਹਾ ਸੀ। ਰਜਿਸਟ੍ਰੇਸ਼ਨ ਲਈ 5,000 ਰੁਪਏ ਦੀ ਫੀਸ ਲਈ ਜਾਂਦੀ ਸੀ।
ਇਨ੍ਹਾਂ ਫਰਜ਼ੀ ਡਾਕਟਰਾਂ ’ਚੋਂ ਇਕ 8ਵੀਂ ਪਾਸ ਹੈ। ਕੁਝ ਦਿਨ ਪਹਿਲਾਂ ਹੀ ਇਕ ਫਰਜ਼ੀ ਡਾਕਟਰ ਸ਼ਮੀਮ ਅੰਸਾਰੀ ਦੇ ਗਲਤ ਇਲਾਜ ਕਾਰਨ ਇਕ ਕੁੜੀ ਦੀ ਮੌਤ ਹੋ ਗਈ ਸੀ। ਪੁਲਸ ਨੂੰ ਗਿਰੋਹ ਦੇ 2 ਮੁੱਖ ਮੁਲਜ਼ਮ ਡਾਕਟਰਾਂ ਰਮੇਸ਼ ਗੁਜਰਾਤੀ ਅਤੇ ਬੀ. ਕੇ. ਰਾਵਤ ਕੋਲੋਂ ਸੈਂਕੜੇ ਅਰਜ਼ੀਆਂ ਤੇ ਸਰਟੀਫਿਕੇਟ ਮਿਲੇ ਹਨ। ਹੁਣ ਤੱਕ ਇਹ ਗਿਰੋਹ 1200 ਵਿਅਕਤੀਆਂ ਨੂੰ ਫਰਜ਼ੀ ਮੈਡੀਕਲ ਸਰਟੀਫਿਕੇਟ ਦੇ ਚੁੱਕਾ ਹੈ।
ਸੂਚਨਾ ਮਿਲਣ ’ਤੇ ਪੁਲਸ ਨੇ ਪਾਂਡੇਸਰਾ ਦੇ 3 ਕਲੀਨਿਕਾਂ ’ਤੇ ਛਾਪੇਮਾਰੀ ਕੀਤੀ। ਇੱਥੋਂ ਬੈਚੁਲਰ ਆਫ ਇਲੈਕਟ੍ਰੋ ਹੋਮਿਓਪੈਥੀ ਮੈਡੀਸਨ ਤੇ ਸਰਜਰੀ ਦੇ ਸਰਟੀਫਿਕੇਟ ਮਿਲੇ ਜੋ ਸੂਰਤ ਦੇ 2 ਡਾਕਟਰਾਂ ਵੱਲੋਂ ਜਾਰੀ ਕੀਤੇ ਗਏ ਸਨ।
ਜਾਂਚ ਕਰਨ ’ਤੇ ਪਤਾ ਲੱਗਾ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਸਰਟੀਫਿਕੇਟ ਗੁਜਰਾਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਹੀਂ ਸੀ। ਫੜੇ ਗਏ ਮੁਲਜ਼ਮ ਡਾਕਟਰ ਰਮੇਸ਼ ਗੁਜਰਾਤੀ ਨੇ ਮੰਨਿਆ ਕਿ ਉਸ ਨੇ 1990 ’ਚ ਬੀ. ਐੱਚ. ਐੱਮ. ਐੱਸ. ਦੀ ਪੜ੍ਹਾਈ ਕੀਤੀ ਸੀ। ਉਹ ਕਈ ਟਰੱਸਟਾਂ ’ਚ ਬੁਲਾਰੇ ਵਜੋਂ ਕੰਮ ਕਰਦਾ ਰਿਹਾ, ਪਰ ਜਦੋਂ ਇਸ ਦਾ ਬਹੁਤਾ ਲਾਭ ਨਾ ਹੋਇਆ ਤਾਂ ਉਹ ਇਲੈਕਟ੍ਰੋ ਹੋਮਿਓਪੈਥੀ ਦੇ ਖੇਤਰ ’ਚ ਦਾਖਲ ਹੋ ਗਿਆ।
ਉਸ ਨੇ ਇਹ ਗਿਰੋਹ ਇਸ ਲਈ ਬਣਾਇਆ ਕਿਉਂਕਿ ਭਾਰਤ ਸਰਕਾਰ ਜਾਂ ਸੂਬਾ ਸਰਕਾਰ ਨੇ ਇਲੈਕਟ੍ਰੋ ਹੋਮਿਓਪੈਥੀ ਲਈ ਕੋਈ ਨਿਯਮ ਲਾਗੂ ਨਹੀਂ ਕੀਤਾ।