ਸਾਂਗਲੀ 'ਚ ਇਕ ਹੀ ਪਰਿਵਾਰ ਦੇ 9 ਜੀਆਂ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ 13 ਲੋਕ ਗ੍ਰਿਫ਼ਤਾਰ

Tuesday, Jun 21, 2022 - 03:55 PM (IST)

ਪੁਣੇ (ਭਾਸ਼ਾ)- ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ 'ਚ ਇਕ ਪਰਿਵਾਰ ਦੇ 9 ਮੈਂਬਰਾਂ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿਚ ਪੁਲਸ ਨੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸਾਂਗਲੀ ਜ਼ਿਲ੍ਹੇ ਦੇ ਮਹੈਸਾਲ ਪਿੰਡ ਵਿੱਚ ਸੋਮਵਾਰ ਨੂੰ 2 ਭਰਾਵਾਂ ਸਮੇਤ ਪਰਿਵਾਰ ਦੇ ਕੁੱਲ 9 ਮੈਂਬਰ ਸੋਮਵਾਰ ਨੂੰ 2 ਮਕਾਨਾਂ 'ਚ ਮ੍ਰਿਤਕ ਪਾਏ ਗਏ ਸਨ। ਦੋਹਾਂ ਭਰਾਵਾਂ 'ਚ ਇਕ ਅਧਿਆਪਕ ਸੀ ਜਦੋਂ ਕਿ ਦੂਜਾ ਭਰਾ ਪਸ਼ੂਆਂ ਦਾ ਡਾਕਟਰ ਸੀ। ਉਨ੍ਹਾਂ ਦੱਸਿਆ ਕਿ ਰਾਜਧਾਨੀ ਮੁੰਬਈ ਤੋਂ ਕਰੀਬ 350 ਕਿਲੋਮੀਟਰ ਦੂਰ ਸਥਿਤ ਪਿੰਡ 'ਚ ਦੋਹਾਂ ਭਰਾਵਾਂ ਦੇ ਘਰਾਂ 'ਚੋਂ 'ਸੁਸਾਈਡ ਨੋਟ' ਵੀ ਮਿਲੇ ਹਨ। ਪੁਲਸ ਅਨੁਸਾਰ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਵੇਂ ਭਰਾਵਾਂ ਨੇ ਕਈ ਲੋਕਾਂ ਤੋਂ ਪੈਸੇ ਉਧਾਰ ਲਏ ਸਨ।

ਇਹ ਵੀ ਪੜ੍ਹੋ : ਮਹਾਰਾਸ਼ਟਰ : ਸਾਂਗਲੀ ਜ਼ਿਲ੍ਹੇ 'ਚ ਇਕ ਘਰ 'ਚੋਂ ਪਰਿਵਾਰ ਦੇ 9 ਜੀਆਂ ਦੀਆਂ ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

ਸਾਂਗਲੀ ਦੇ ਪੁਲਸ ਸੁਪਰਡੈਂਟ ਦੀਕਸ਼ਤ ਗੇਦਾਮ ਨੇ ਦੱਸਿਆ,''ਸੁਸਾਈਡ ਨੋਟ ਤੋਂ ਪਤਾ ਲੱਗਦਾ ਹੈ ਕਿ ਪਰਿਵਾਰ ਨੇ ਕੁਝ ਲੋਕਾਂ ਤੋਂ ਪੈਸੇ ਉਧਾਰ ਲਏ ਸਨ ਅਤੇ ਉਸ ਨੂੰ ਵਾਪਸ ਕਰਨ 'ਚ ਉਨ੍ਹਾਂ ਨੂੰ ਮੁਸ਼ਕਲ ਆ ਰਹੀ ਸੀ।'' ਅਧਿਕਾਰੀ ਨੇ ਕਿਹਾ,''ਉਨ੍ਹਾਂ ਨੂੰ ਇਸ ਕਾਰਨ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਇਸੇ ਕਾਰਨ ਉਨ੍ਹਾਂ ਨੇ ਇਹ ਕਦਮ ਉਠਾਇਆ ਹੈ।'' ਉਨ੍ਹਾਂ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਨੇ ਕਿਸੇ ਕਾਰੋਬਾਰ ਲਈ ਪੈਸੇ ਉਧਾਰ ਲਏ ਸਨ। ਪੁਲਸ ਅਧਿਕਾਰੀ ਨੇ ਕਿਹਾ,''ਅਸੀਂ 25 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਤੋਂ ਪਰਿਵਾਰ ਨੇ ਪੈਸੇ ਉਧਾਰ ਲਏ ਸਨ। ਪਰਿਵਾਰ ਨੂੰ ਉਨ੍ਹਾਂ ਲੋਕਾਂ ਵਲੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਉਠਾਇਆ।'' ਉਨ੍ਹਾਂ ਕਿਹਾ ਕਿ ਪੁਲਸ ਨੇ ਇਨ੍ਹਾਂ 25 ਲੋਕਾਂ 'ਚੋਂ 13 ਨੂੰ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਕੁਝ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਪੈਸੇ ਉਧਾਰ ਦੇਣ ਦੇ ਮਾਮਲੇ ਦਰਜ ਹਨ। ਹੋਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀ ਟੀਮ ਬਣਾਈ ਗਈ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਪਰਿਵਾਰ ਨੇ ਇਕੱਠੇ ਜ਼ਹਿਰੀਲਾ ਪਦਾਰਥ ਖਾ ਲਿਆ ਸੀ, ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਜਾਂਚ ਚੱਲ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News