12ਵੀਂ ਬੋਰਡ ਪ੍ਰੀਖਿਆ ''ਤੇ ਸੁਪਰੀਮ ਕੋਰਟ ''ਚ ਟਲੀ ਸੁਣਵਾਈ, 31 ਮਈ ਨੂੰ ਹੋਵੇਗਾ ਫੈਸਲਾ
Friday, May 28, 2021 - 01:18 PM (IST)
ਨਵੀਂ ਦਿੱਲੀ- ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਅਤੇ ਇੰਡੀਅਨ ਸਰਟੀਫਿਕੇਟ ਆਫ਼ ਸੈਕੰਡਰੀ ਐਜੂਕੇਸ਼ਨ (ਆਈ.ਸੀ.ਐੱਸ.ਈ.) ਬੋਰਡ ਦੀਆਂ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸੁਣਵਾਈ ਟਾਲ ਦਿੱਤੀ। ਹੁਣ ਇਸ ਮਾਮਲੇ 'ਤੇ ਸੋਮਵਾਰ ਯਾਨੀ 31 ਮਈ ਨੂੰ ਸੁਣਵਾਈ ਹੋਵੇਗੀ। ਪਟੀਸ਼ਨ 'ਚ ਪ੍ਰੀਖਿਆ ਟਾਲਣ ਦੀ ਜਗ੍ਹਾ ਸਿੱਧਾ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਉੱਥੇ ਹੀ ਅੱਜ ਪ੍ਰੀਖਿਆ ਟਾਲਣ ਨੂੰ ਲੈ ਕੇ ਕਾਂਗਰਸ ਦਾ ਵਿਦਿਆਰਥੀ ਸੰਗਠਨ ਐੱਨ.ਐੱਸ.ਯੂ.ਆਈ. ਸਿੱਖਿਆ ਮੰਤਰਾਲੇ ਦੇ ਬਾਹਰ ਪ੍ਰਦਰਸ਼ਨ ਕਰੇਗਾ।
ਸੁਪਰੀਮ ਕੋਰਟ 'ਚ ਦਾਖ਼ਲ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਮੌਜੂਦਾ ਸਥਿਤੀ ਪ੍ਰੀਖਿਆ ਦੇ ਆਯੋਜਨ ਦੇ ਹਿਸਾਬ ਨਾਲ ਸਹੀ ਨਹੀਂ ਹੈ ਪਰ ਜੇਕਰ ਪ੍ਰੀਖਿਆ ਟਾਲ ਦਿੱਤੀ ਗਈ ਤਾਂ ਨਤੀਜੇ ਦੇਰ ਨਾਲ ਆਉਣਗੇ। ਇਸ ਦਾ ਅਸਰ ਵਿਦਿਆਰਥੀਆਂ ਦੀ ਅੱਗੇ ਦੀ ਪੜ੍ਹਾਈ 'ਤੇ ਪਵੇਗਾ। ਇਸ ਲਈ ਪ੍ਰੀਖਿਆ ਰੱਦ ਕਰ ਦੇਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਅੰਕ ਦੇਣ ਦਾ ਕੋਈ ਤਰੀਕਾ ਕੱਢਣਾ ਚਾਹੀਦਾ, ਜਿਸ ਨਾਲ ਜਲਦ ਤੋਂ ਜਲਦ ਨਤੀਜੇ ਐਲਾਨ ਹੋ ਸਕਣ। ਉੱਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਤੋਂ 12ਵੀਂ ਦੀ ਪ੍ਰੀਖਿਆ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸ ਦਾ ਵਿਦਿਆਰਥੀ ਸੰਗਠਨ ਐੱਨ.ਐੱਸ.ਯੂ.ਆਈ. ਸਿੱਖਿਆ ਮੰਤਰਾਲੇ ਦੇ ਬਾਹਰ ਪ੍ਰਦਰਸ਼ਨ ਕਰੇਗਾ। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਰਮਿਆਨ ਵਿਦਿਆਰਥੀਆਂ ਦੀ ਸਿਹਤ ਨਾਲ ਜੁੜੇ ਖ਼ਦਸ਼ੇ ਕਾਰਨ ਐੱਨ.ਐੱਸ.ਯੂ.ਆਈ. 12ਵੀਂ ਦੀ ਪ੍ਰੀਖਿਆ ਰੱਦ ਕਰਨ ਦੀ ਮੰਗ ਕਰ ਰਹੀ ਹੈ।