ਟੈਰਰ ਫੰਡਿੰਗ ਨੂੰ ਲੈ ਕੇ ਜੰਮੂ-ਕਸ਼ਮੀਰ ’ਚ 12 ਥਾਵਾਂ ’ਤੇ ਛਾਪੇ
Sunday, May 15, 2022 - 10:36 AM (IST)
ਜੰਮੂ/ਭਦਰਵਾਹ (ਭਾਸ਼ਾ)- ਜੰਮੂ-ਕਸ਼ਮੀਰ ਦੇ ਸਟੇਟ ਇਨਵੈਸਟੀਗੇਸ਼ਨ ਏਜੰਸੀ (ਐੱਸ. ਆਈ. ਏ.) ਨੇ ਟੈਰਰ ਫੰਡਿੰਗ ਨਾਲ ਜੁੜੇ ਇਕ ਮਾਮਲੇ ’ਚ ਭਦਰਵਾਹ ਵਿਖੇ ਆਲ ਪਾਰਟੀ ਹੁਰੀਅਤ ਕਾਨਫਰੰਸ ਪਾਕਿਸਤਾਨ ਦੇ ਮੁਖੀ ਦੇ ਜੱਦੀ ਨਿਵਾਸ ਸਮੇਤ 12 ਟਿਕਾਣਿਆਂ ’ਤੇ ਛਾਪੇ ਮਾਰੇ। ਐੱਸ.ਆਈ.ਏ. ਦੇ ਇਕ ਬੁਲਾਰੇ ਨੇ ਸ਼ਨੀਵਾਰ ਦੱਸਿਆ ਕਿ ਗਾਂਧੀਨਗਰ ਪੁਲਸ ਥਾਣੇ ਵਿਚ ਇਕ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਪਿੱਛੋਂ ਡੂੰਘਾਈ ਨਾਲ ਜਾਂਚ ਕਰਨ ਲਈ ਉਕਤ ਏਜੰਸੀ ਨੂੰ ਜ਼ਿੰਮੇਵਾਰੀ ਸੌਂਪੀ ਗਈ।
ਅਧਿਕਾਰੀਆਂ ਮੁਤਾਬਕ ਜਾਂਚ ਏਜੰਸੀ ਦੇ ਮੁਲਾਜ਼ਮਾਂ ਨੇ ਸਥਾਨਕ ਪੁਲਸ ਦੀ ਮਦਦ ਨਾਲ ਜੰਮੂ, ਕਠੂਆ, ਡੋਡਾ ਅਤੇ ਕਸ਼ਮੀਰ ਦੇ ਇਕ ਦਰਜਨ ਤੋਂ ਵੱਧ ਟਿਕਾਣਿਆਂ ’ਤੇ ਛਾਪੇ ਮਾਰੇ। ਭਦਰਵਾਹ ਦੇ ਮਸਜਿਦ ਮੁਹੱਲਾ ਇਲਾਕੇ ’ਚ ਸਥਿਤ ਇਕ ਮਕਾਨ ਦੀ ਤਲਾਸ਼ੀ ਲਈ ਗਈ। ਇਲੈਕਟ੍ਰਾਨਿਕਸ ਦਾ ਸਾਮਾਨ ਵੇਚਣ ਵਾਲੇ ਇਕ ਵਿਅਕਤੀ ਦੇ ਨਿਵਾਸ ਅਤੇ ਦੁਕਾਨ ’ਤੇ ਵੀ ਛਾਪੇ ਮਾਰੇ ਗਏ।
ਉਕਤ ਮੁਹੱਲੇ ’ਚ ਜੁਬੈਰ ਨਾਮੀ ਵਿਅਕਤੀ ਦੇ ਮਕਾਨ ਦੀ ਤਲਾਸ਼ੀ ਲਈ ਗਈ। ਉਸ ਦਾ ਪਿਤਾ ਪਿਛਲੇ 20 ਸਾਲ ਤੋਂ ਪਾਕਿਸਤਾਨ ਵਿਚ ਰਹਿ ਰਿਹਾ ਹੈ। ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਦੀਨ ਨਾਲ ਜੁੜਿਆ ਹੋਇਆ ਹੈ। ਖਬਰਾਂ ਮੁਤਾਬਕ ਉਸ ਦੀ ਦੁਕਾਨ ਤੋਂ ਇਕ ਵਾਈ ਫਾਈ ਰਾਊਟਰ ਜ਼ਬਤ ਕੀਤਾ ਗਿਆ ਹੈ।