ਜ਼ਹਿਰੀਲੇ ਫ਼ਲ ਖਾਣ ਨਾਲ ਵਿਗੜੀ 12 ਬੱਚਿਆਂ ਦੀ ਸਿਹਤ, ਹਸਪਤਾਲ ''ਚ ਦਾਖ਼ਲ
Saturday, Mar 11, 2023 - 01:26 PM (IST)
ਊਨਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ 'ਚ ਪ੍ਰਵਾਸੀ ਮਜ਼ਦੂਰਾਂ ਦੇ 12 ਬੱਚਿਆਂ ਨੂੰ ਉਲਟੀ ਅਤੇ ਢਿੱਡ ਦਰਦ ਦੀ ਸ਼ਿਕਾਇਤ ਤੋਂ ਬਾਅਦ ਖੇਤਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਲਾਲਸਿੰਘੀ ਪਿੰਡ 'ਚ ਆਪਣੇ ਪਰਿਵਾਰ ਨਾਲ ਰਹਿਣ ਵਾਲੇ ਬੱਚਿਆਂ ਨੇ ਸ਼ੁੱਕਰਵਾਰ ਸ਼ਾਮ ਆਪਣੇ ਮਾਤਾ-ਪਿਤਾ ਦੇ ਕੰਮ 'ਤੇ ਜਾਣ ਦੌਰਾਨ ਨੇੜੇ ਦੇ ਜੰਗਲ ਤੋਂ ਜ਼ਹਿਰੀਲੇ ਫ਼ਲ ਖਾ ਲਏ।
ਅਧਿਕਾਰੀਆਂ ਨੇ ਕਿਹਾ ਕਿ ਬੱਚਿਆਂ ਦੀ ਉਮਰ 3 ਤੋਂ 9 ਸਾਲ ਵਿਚਾਲੇ ਹੈ। ਹਸਪਤਾਲ ਦੇ ਬਾਲ ਰੋਗ ਮਾਹਿਰ ਡਾ. ਵਿਕਾਸ ਚੌਹਾਨ ਨੇ ਕਿਹਾ ਕਿ ਜਦੋਂ ਬੱਚਿਆਂ ਨੂੰ ਸਿਹਤ ਕੇਂਦਰ ਲਿਜਾਇਆ ਗਿਆ ਤਾਂ ਉਨ੍ਹਾਂ ਦੀ ਹਾਲਤ ਗੰਭੀਰ ਸੀ। ਉਨ੍ਹਾਂ ਕਿਹਾ ਕਿ ਉੱਚਿਤ ਦਵਾਈ ਤੋਂ ਬਾਅਦ ਹੁਣ ਉਹ ਸਥਿਰ ਹਨ। ਊਨਾ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।