ਵੱਖ-ਵੱਖ ਦੇਸ਼ਾਂ ''ਚ ਹਿੰਦੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਭਾਰਤ ਨੇ ਲਈ : ਸੁਸ਼ਮਾ ਸਵਰਾਜ

08/19/2018 8:41:18 AM

ਪੋਰਟ ਲੁਈ(ਭਾਸ਼ਾ)—ਮਾਰੀਸ਼ਸ਼ 'ਚ ਸੰਸਕ੍ਰਿਤ ਅਤੇ ਹਿੰਦੀ ਨੂੰ ਬਚਾਉਣ 'ਤੇ ਜ਼ੋਰ ਦਿੰਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ 'ਚ ਹਿੰਦੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਭਾਰਤ ਨੇ ਲਈ ਹੈ। 11ਵੇਂ ਵਿਸ਼ਵ ਹਿੰਦੀ ਸੰਮੇਲਨ ਦੌਰਾਨ ਆਪਣੇ ਉਦਘਾਟਨੀ ਭਾਸ਼ਣ 'ਚ ਸੁਸ਼ਮਾ ਸਵਰਾਜ ਨੇ ਕਿਹਾ ਕਿ ਹਿੰਦੀ ਅਤੇ ਸੰਸਕ੍ਰਿਤ ਇਕ-ਦੂਸਰੇ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਹਿੰਦੀ ਨੂੰ ਬਚਾਇਆ ਜਾਵੇ, ਉਸ ਨੂੰ ਅੱਗੇ ਵਧਾਇਆ ਜਾਵੇ, ਨਾਲ ਹੀ ਭਾਸ਼ਾ ਦੀ ਸ਼ੁੱਧਤਾ ਨੂੰ ਬਚਾ ਕੇ ਰੱਖਿਆ ਜਾਵੇ।  ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਵਿਸ਼ਵ ਸੰਸਥਾ ਤੋਂ ਹਿੰਦੀ ਵਿਚ ਸਪਤਾਹਿਕ ਸਮਾਚਾਰ ਬੁਲੇਟਿਨ ਦਾ ਪ੍ਰਸਾਰਣ ਸ਼ੁਰੂ ਹੋ ਗਿਆ ਹੈ ਅਤੇ ਹਿੰਦੀ 'ਚ ਇਕ ਟਵਿਟਰ ਅਕਾਊਂਟ ਵੀ ਖੋਲ੍ਹਿਆ ਗਿਆ ਹੈ। 11ਵੇਂ ਵਿਸ਼ਵ ਹਿੰਦੀ ਸੰਮੇਲਨ ਦੌਰਾਨ ਉਦਘਾਟਨੀ ਭਾਸ਼ਣ 'ਚ ਸੁਸ਼ਮਾ ਸਵਰਾਜ ਨੇ ਇਹ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਇਹ ਰੋਜ਼ਾਨਾ ਵੀ ਪ੍ਰਸਾਰਿਤ ਹੋ ਸਕਦਾ ਹੈ ਪਰ ਇਸ ਲਈ 2 ਸਾਲ ਤਕ ਇਸ ਦੇ ਪ੍ਰਸਾਰਣ ਨੂੰ ਦੇਖਿਆ ਜਾਵੇਗਾ, ਰੇਟਿੰਗ ਤਿਆਰ ਕੀਤੀ ਜਾਵੇਗੀ ਅਤੇ ਪ੍ਰਤੀਕਿਰਿਆ ਚੰਗੀ ਹੋਈ ਤਾਂ ਇਸ ਦਾ ਰੋਜ਼ਾਨਾ ਪ੍ਰਸਾਰਣ ਵੀ ਹੋ ਸਕੇਗਾ। ਉਨ੍ਹਾਂ ਕਿਹਾ ਕਿ ਹੁਣ ਸਾਡੀ ਹਿੰਦੀ ਭਾਸ਼ੀ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਨੂੰ ਉਤਸ਼ਾਹਿਤ ਕਰਨ।  ਇਸ ਮੌਕੇ ਮਾਰੀਸ਼ਸ਼ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ ਨੇ ਵਿਸ਼ਵ ਹਿੰਦੀ ਸੰਮੇਲਨ ਮੌਕੇ 2 ਡਾਕ ਟਿਕਟਾਂ ਜਾਰੀ ਕੀਤੀਆਂ। ਇਕ 'ਤੇ ਭਾਰਤ ਅਤੇ ਮਾਰੀਸ਼ਸ਼ ਦੇ ਰਾਸ਼ਟਰੀ ਝੰਡੇ ਅਤੇ ਦੂਸਰੇ 'ਤੇ ਦੋਵੇਂ ਦੇਸ਼ਾਂ ਦੇ ਰਾਸ਼ਟਰੀ ਪੰਛੀ ਮੋਰ ਅਤੇ ਡੋਡੋ ਦੀ ਤਸਵੀਰ ਹੈ। ਮਾਰੀਸ਼ਸ਼ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਸਹਿਯੋਗ ਨਾਲ ਬਣੇ ਸਾਈਬਰ ਟਾਵਰ ਦਾ ਨਾਂ ਹੁਣ ਅਟਲ ਬਿਹਾਰੀ ਵਾਜਪਾਈ ਟਾਵਰ ਰੱਖਣ ਦਾ ਐਲਾਨ ਕੀਤਾ। ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਨਮਾਨ 'ਚ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।


Related News