113 ਸਾਲਾ ਬਜ਼ੁਰਗ ਨੇ ਪਾਈ ਵੋਟ, ਹਰ ਸਾਲ ਵੋਟਿੰਗ ''ਚ ਹਿੱਸਾ ਲੈ ਕੇ ਹੋਰਾਂ ਲਈ ਬਣੀ ਮਿਸਾਲ

Wednesday, Nov 20, 2024 - 04:00 PM (IST)

ਨੈਸ਼ਨਲ ਡੈਸਕ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਇੱਕ ਦਿਲ ਨੂੰ ਛੂਹ ਲੈਣ ਵਾਲਾ ਅਤੇ ਪ੍ਰੇਰਨਾਦਾਇਕ ਪਲ ਦੇਖਣ ਨੂੰ ਮਿਲਿਆ, ਜਦੋਂ 113 ਸਾਲਾ ਕੰਚਨਬੇਨ ਬਾਦਸ਼ਾਹ ਨੇ ਬੁੱਧਵਾਰ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਮਰ ਅਤੇ ਸਰੀਰਕ ਸੀਮਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕੰਚਨਬੇਨ ਵ੍ਹੀਲਚੇਅਰ 'ਤੇ ਪੋਲਿੰਗ ਬੂਥ 'ਤੇ ਪਹੁੰਚੀ ਅਤੇ ਲੋਕਤੰਤਰੀ ਪ੍ਰਕਿਰਿਆ ਵਿਚ ਸਰਗਰਮ ਹਿੱਸੇਦਾਰੀ ਦਿਖਾਈ।

ਮੁੰਬਈ ਦੀ ਵਸਨੀਕ ਕੰਚਨਬੇਨ ਨੇ ਹੁਣ ਤੱਕ ਹਰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਵੋਟ ਪਾਈ ਹੈ ਅਤੇ ਇਸ ਪਰੰਪਰਾ ਨੂੰ ਬੜੀ ਨਿਰੰਤਰਤਾ ਅਤੇ ਲਗਨ ਨਾਲ ਕਾਇਮ ਰੱਖਿਆ ਹੈ। ਇਸ ਵਾਰ ਵੀ ਉਹ ਆਪਣੇ ਇਕ ਪਰਿਵਾਰਕ ਮੈਂਬਰ ਨਾਲ ਪੋਲਿੰਗ ਬੂਥ 'ਤੇ ਪਹੁੰਚੀ ਸੀ ਅਤੇ ਉਸ ਨੇ ਆਪਣਾ ਲੋਕਤੰਤਰੀ ਫਰਜ਼ ਨਿਭਾਉਂਦੇ ਹੋਏ ਮਾਣ ਮਹਿਸੂਸ ਕੀਤਾ।

ਉਨ੍ਹਾਂ ਦਾ ਸਮਰਪਣ ਸਾਰਿਆਂ ਲਈ ਸਬਕ
ਕੰਚਨਬੇਨ ਦਾ ਦ੍ਰਿੜ ਇਰਾਦਾ ਅਤੇ ਸਮਰਪਣ ਹੋਰ ਨਾਗਰਿਕਾਂ ਲਈ ਪ੍ਰੇਰਣਾ ਬਣ ਗਿਆ ਹੈ, ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਵੋਟ ਦਾ ਆਪਣਾ ਮਹੱਤਵ ਹੁੰਦਾ ਹੈ, ਭਾਵੇਂ ਕਿਸੇ ਦੀ ਉਮਰ ਕੋਈ ਵੀ ਹੋਵੇ। ਮੀਡੀਆ ਨਾਲ ਗੱਲ ਕਰਦੇ ਹੋਏ ਉਸਦੇ ਪਰਿਵਾਰ ਦੇ ਇੱਕ ਮੈਂਬਰ ਨੇ ਕਿਹਾ ਕਿ ਉਹ ਕਦੇ ਵੀ ਚੋਣਾਂ 'ਚ ਵੋਟ ਪਾਉਣ ਤੋਂ ਨਹੀਂ ਖੁੰਝਦੀ ਅਤੇ ਹਮੇਸ਼ਾ ਉਸੇ ਉਤਸ਼ਾਹ ਨਾਲ ਹਿੱਸਾ ਲੈਂਦੀ ਹੈ। ਉਸਦਾ ਸਮਰਪਣ ਸਾਡੇ ਸਾਰਿਆਂ ਲਈ ਇੱਕ ਮਹਾਨ ਸਬਕ ਹੈ।

ਗੜ੍ਹਚਿਰੌਲੀ ਜ਼ਿਲ੍ਹੇ 'ਚ ਹੋਈ ਹੁਣ ਤੱਕ ਦੀ ਸਭ ਤੋਂ ਵੱਧ ਵੋਟਿੰਗ 
ਮਹਾਰਾਸ਼ਟਰ 'ਚ ਸਵੇਰੇ 1 ਵਜੇ ਤੱਕ 32.18 ਫੀਸਦੀ ਵੋਟਿੰਗ ਹੋਈ। ਸੂਬੇ ਦੇ ਗੜ੍ਹਚਿਰੌਲੀ ਜ਼ਿਲ੍ਹੇ 'ਚ ਹੁਣ ਤੱਕ ਸਭ ਤੋਂ ਵੱਧ ਵੋਟਿੰਦ ਹੋਈ ਹੈ, ਜਿੱਥੇ 50.89 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਵੇਰੇ 11 ਵਜੇ ਤੱਕ 18.24 ਫੀਸਦੀ ਵੋਟਿੰਗ ਹੋ ਚੁੱਕੀ ਸੀ। ਸਵੇਰੇ 9 ਵਜੇ ਦੇ ਆਸ-ਪਾਸ ਗਿਣਤੀ ਸਿਰਫ 6.61 ਫੀਸਦੀ ਸੀ, ਪਰ ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਵੋਟਿੰਗ ਫੀਸਦ ਵਧਦੀ ਗਈ, ਖਾਸ ਕਰਕੇ ਮਾਓਵਾਦੀ ਪ੍ਰਭਾਵਿਤ ਗੜ੍ਹਚਿਰੌਲੀ ਖੇਤਰ ਵਿੱਚ ਜਿੱਥੇ ਵੋਟਿੰਗ ਪ੍ਰਤੀਸ਼ਤਤਾ 30 ਤੱਕ ਪਹੁੰਚ ਗਈ।

9.9 ਕਰੋੜ ਵੋਟਰ ਚੋਣਾਂ 'ਚ ਲੈ ਰਹੇ ਹਿੱਸਾ
ਇਸ ਸਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁੱਲ 288 ਸੀਟਾਂ ਲਈ ਵੋਟਿੰਗ ਹੋ ਰਹੀ ਹੈ, ਜਿਸ 'ਚ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗਠਜੋੜ ਅਤੇ ਵਿਰੋਧੀ ਮਹਾਂ ਵਿਕਾਸ ਅਗਾੜੀ (ਐੱਮਵੀਏ) ਗਠਜੋੜ ਵਿਚਕਾਰ ਮੁਕਾਬਲਾ ਹੈ। ਚੋਣਾਂ 'ਚ ਕੁੱਲ 9.9 ਕਰੋੜ ਤੋਂ ਵੱਧ ਵੋਟਰ ਹਿੱਸਾ ਲੈਣਗੇ, ਜਿਨ੍ਹਾਂ 'ਚ 5.22 ਕਰੋੜ ਪੁਰਸ਼ ਅਤੇ 4.69 ਕਰੋੜ ਔਰਤਾਂ ਸ਼ਾਮਲ ਹਨ। ਪ੍ਰਮੁੱਖ ਉਮੀਦਵਾਰਾਂ ਵਿੱਚ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਅਜੀਤ ਪਵਾਰ ਅਤੇ ਸ਼ਿਵ ਸੈਨਾ (ਯੂਬੀਟੀ) ਆਗੂ ਆਦਿਤਿਆ ਠਾਕਰੇ ਸ਼ਾਮਲ ਹਨ। ਵੋਟਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।


Baljit Singh

Content Editor

Related News