ਕਰਨਾਟਕ: 103 ਸਾਲ ਦੇ ਸੁਤੰਤਰਤਾ ਸੈਨਾਨੀ ਬਜ਼ੁਰਗ ਨੇ ਜਿੱਤੀ ਕੋਰੋਨਾ ਦੀ ਜੰਗ

05/12/2021 5:51:23 PM

ਬੇਂਗਲੁਰੂ (ਭਾਸ਼ਾ)— ਕੋਰੋਨਾ ਦੀ ਦੂਜੀ ਲਹਿਰ ਕਾਰਨ ਇਕ ਪਾਸੇ ਹਾਹਾਕਾਰ ਮਚੀ ਹੋਈ ਹੈ, ਤਾਂ ਦੂਜੇ ਪਾਸੇ ਕੁਝ ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ, ਜੋ ਮਰੀਜ਼ਾਂ ਨੂੰ ਸਾਹਸ ਦੇਣ ਵਾਲੀਆਂ ਹਨ। ਅਜਿਹਾ ਹੀ ਮਾਮਲਾ ਕਰਨਾਟਕ ’ਚ ਵੇਖਣ ਨੂੰ ਮਿਲਿਆ ਹੈ, ਜਿੱਥੇ ਮੰਨੇ-ਪ੍ਰਮੰਨੇ ਗਾਂਧੀਵਾਦੀ ਅਤੇ ਸੁਤੰਤਰਤਾ ਸੈਨਾਨੀ ਐੱਚ. ਐੱਸ. ਦੋਰੈਸਵਾਮੀ ਨੇ 103 ਸਾਲ ਦੀ ਉਮਰ ਵਿਚ ਕੋਰੋਨਾ ਵਾਇਰਸ ਨਾਲ ਲੜਾਈ ਜਿੱਤ ਲਈ ਹੈ ਅਤੇ ਉਹ ਘਰ ਵਿਚ ਪਰਤ ਰਹੇ ਹਨ। ਬਜ਼ੁਰਗ ਦੋਰੈਸਵਾਮੀ ਨੇ ਬੁੱਧਵਾਰ ਨੂੰ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ 5-6 ਦਿਨ ਪਹਿਲਾਂ ਲੱਛਣ ਦਿੱਸੇ ਪਰ ਕੋਈ ਮੁਸ਼ਕਲ ਨਹੀਂ ਹੋਈ। ਫਿਰ ਵੀ ਮੈਂ ਹਸਪਤਾਲ ਜਯਦੇਵ ਇੰਸਟੀਚਿਊਟ ਆਫ਼ ਕਾਰਡੀਓਵੈਸਕੁਲਰ ਸਾਇੰਸੇਜ਼ ਐਂਡ ਰਿਸਰਚ ਵਿਚ ਦਾਖ਼ਲ ਹੋਇਆ।  
ਬਜ਼ੁਰਗ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਜਯਦੇਵ ਇੰਸਟੀਚਿਊਟ ਦੇ ਡਾਇਰੈਕਟਰ ਮੰਨੇ-ਪ੍ਰਮੰਨੇ ਦਿਲ ਦੇ ਰੋਗ ਮਾਹਰ ਅਤੇ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਜਵਾਈ ਡਾ. ਸੀ. ਐੱਨ. ਮੰਜੂਨਾਥ ਉਨ੍ਹਾਂ ਦੇ ਇਲਾਜ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਸਨ। ਦੋਰੈਸਵਾਮੀ ਨੇ ਭਾਰਤ ਛੱਡੋ ਅੰਦੋਲਨ ਵਿਚ ਹਿੱਸਾ ਲਿਆ ਸੀ ਅਤੇ 1943 ਤੋਂ 1944 ਤੱਕ 14 ਮਹੀਨੇ ਜੇਲ੍ਹ ’ਚ ਰਹੇ ਸਨ। ਗਾਂਧੀਵਾਦੀ ਨੇ ਮੈਸੂਰ ਚਲੋ ਅੰਦੋਲਨ ਵਿਚ ਵੀ ਹਿੱਸਾ ਲਿਆ ਸੀ, ਜਿਸ ਵਜ੍ਹਾ ਕਰ ਕੇ ਮੈਸੂਰ ਦੇ ਮਹਾਰਾਜ ਨੂੰ ਆਜ਼ਾਦੀ ਤੋਂ ਬਾਅਦ ਆਪਣੀ ਰਿਆਸਤ ਦਾ ਭਾਰਤੀ ਸੰਘ ਵਿਚ ਸ਼ਮੂਲੀਅਤ ਕਰਨੀ ਪਈ ਸੀ। 


Tanu

Content Editor

Related News