ਸੈਂਕੜੇ ਸਿੱਖ, ਹਿੰਦੂ ਕਰ ਰਹੇ ਭਾਰਤ ਆਉਣ ਦੀ ਉਡੀਕ, ਅਫ਼ਗਾਨ ਸਿੱਖ ਆਗੂ ਦੀ ਕੇਂਦਰ ਨੂੰ ਖ਼ਾਸ ਅਪੀਲ

Sunday, Aug 14, 2022 - 11:41 AM (IST)

ਨਵੀਂ ਦਿੱਲੀ (ਬਿਊਰੋ)- ਤਕਰੀਬਨ 100 ਅਫ਼ਗਾਨ ਸਿੱਖ ਅਤੇ ਹਿੰਦੂ ਭਾਰਤ ਆਉਣਾ ਚਾਹੁੰਦੇ ਹਨ ਪਰ ਉਹ ਨਹੀਂ ਆ ਸਕਦੇ ਕਿਉਂਕਿ ਉਨ੍ਹਾਂ ਦੇ ਕੁਝ ਪਰਿਵਾਰਕ ਮੈਂਬਰਾਂ ਨੂੰ ਭਾਰਤ ਸਰਕਾਰ ਤੋਂ ਈ-ਵੀਜ਼ਾ ਨਹੀਂ ਮਿਲਿਆ ਹੈ। ਇਹ ਗੱਲ ਇਕ ਅਫਗਾਨ ਸਿੱਖ ਨੇਤਾ ਨੇ ਸ਼ਨੀਵਾਰ ਨੂੰ ਆਖੀ। ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਬੁਲ ਦੇ ਪ੍ਰਧਾਨ ਗੁਰਨਾਮ ਸਿੰਘ ਰਾਜਵੰਸ਼ੀ ਨੇ ਦੱਸਿਆ ਕਿ ਈ-ਵੀਜ਼ਾ ਦੀ ਉਡੀਕ ਕਰਨ ਵਾਲਿਆਂ ਵਿਚ ਉਨ੍ਹਾਂ ਦਾ ਪੁੱਤਰ ਵੀ ਸ਼ਾਮਲ ਹੈ। ਰਾਜਵੰਸ਼ੀ ਨੂੰ ਸ਼ੁੱਕਰਵਾਰ ਪਰਿਵਾਰ ਦੇ 5 ਮੈਂਬਰਾਂ ਸਮੇਤ ਕਾਬੁਲ ਤੋਂ ਬਾਹਰ ਕੱਢਿਆ ਗਿਆ ਸੀ। 

ਇਹ ਵੀ ਪੜ੍ਹੋ- ਅਫਗਾਨਿਸਤਾਨ ’ਚ ਜ਼ੁਲਮਾਂ ਦਰਮਿਆਨ ਭਾਰਤ ਪਹੁੰਚੇ 30 ਹੋਰ ਸਿੱਖ, ਚਿਹਰੇ ’ਤੇ ਦਿੱਸੀ ਖੁਸ਼ੀ (ਤਸਵੀਰਾਂ)

ਰਾਜਵੰਸ਼ੀ ਨੇ ਕਿਹਾ ਕਿ 28 ਦੇ ਕਰੀਬ ਅਫਗਾਨ ਸਿੱਖਾਂ ਅਤੇ ਹਿੰਦੂਆਂ ਨੂੰ ਅਜੇ ਵੀਜ਼ੇ ਮਿਲਣੇ ਬਾਕੀ ਹਨ। ਇਸ ਤਰ੍ਹਾਂ 100 ਸਿੱਖ ਅਤੇ ਹਿੰਦੂ ਭਾਰਤ ਆਉਣ ਦੀ ਉਡੀਕ ਕਰ ਰਹੇ ਹਨ। ਵਧੇਰੇ ਅਫਗਾਨ ਹਿੰਦੂਆਂ ਅਤੇ ਸਿੱਖਾਂ ਲਈ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਛੱਡ ਕੇ ਭਾਰਤ ਆਉਣਾ ਮੁਸ਼ਕਲ ਹੈ। ਤਾਲਿਬਾਨ ਦੇ ਕੰਟਰੋਲ ਵਾਲੇ ਦੇਸ਼ ਵਿਚ ਰਹਿ ਰਹੇ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਈ-ਵੀਜ਼ਾ ਦੇਣ ਦੀ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਵੀਜ਼ਾ ਨਹੀਂ ਮਿਲਿਆ, ਉਨ੍ਹਾਂ ਵਿਚੋਂ ਬਹੁਤ ਸਾਰੇ ਬੱਚੇ ਵੀ ਹਨ। 

ਇਹ ਵੀ ਪੜ੍ਹੋ- ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਨੇ ਬਿਆਨ ਕੀਤਾ ਦਰਦ, ਕਿਹਾ- ਕਈ ਦਿਨਾਂ ਬਾਅਦ ਸਕੂਨ ਦੀ ਨੀਂਦ ਸੁੱਤੇ

18 ਜੂਨ ਨੂੰ ਕਾਬੁਲ ਦੇ ਕਰਤਾ-ਏ-ਪਰਵਾਨ ਗੁਰਦੁਆਰੇ ’ਤੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਬਾਰੇ ਉਨ੍ਹਾਂ ਕਿਹਾ ਕਿ ਸਥਿਤੀ ਇੰਨੀ ਵਿਸਫੋਟਕ ਹੈ ਕਿ ਅਸੀਂ ਪਰਿਵਾਰ ਦੇ ਮੈਂਬਰਾਂ ਖਾਸ ਕਰ ਕੇ ਔਰਤਾਂ ਅਤੇ ਬੱਚਿਆਂ ਨੂੰ ਇਕ ਮਿੰਟ ਲਈ ਵੀ ਇਕੱਲੇ ਨਹੀਂ ਛੱਡ ਸਕਦੇ। ਉਦੋਂ ਤੋਂ 66 ਅਫਗਾਨ ਸਿੱਖ ਅਤੇ ਹਿੰਦੂਆਂ ਨੂੰ 4 ਜਥਿਆਂ ’ਚ ਭਾਰਤ ਲਿਆਂਦਾ ਗਿਆ ਹੈ। ਅਫ਼ਗਾਨ ਸਿੱਖਾਂ ਨੇ ਉਥੋਂ ਦੇ ਗੁਰਦੁਆਰਿਆਂ ਵਿਚ ਹੁਣ ਜਾਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਫ਼ਗਾਨਿਸਤਾਨ ਵਿਚ ਪੈਦਾ ਹੋਏ ਹਾਂ, ਉੱਥੇ ਵੱਡੇ ਹੋਏ ਹਾਂ, ਉੱਥੇ ਸਾਡੇ ਘਰ ਹਨ ਪਰ ਅਸੀਂ ਦੁਬਾਰਾ ਉਸ ਥਾਂ ’ਤੇ ਵਾਪਸ ਜਾਣ ਦੀ ਕਲਪਨਾ ਵੀ ਨਹੀਂ ਕਰ ਸਕਦੇ। ਜੋ ਲੋਕ ਭਾਰਤ ਪਹੁੰਚੇ ਹਨ, ਉਹ ਆਪਣੀ ਜ਼ਿੰਦਗੀ ਨੂੰ ਪਟੜੀ ’ਤੇ ਲਿਆਉਣ ਲਈ ਧਿਆਨ ਕੇਂਦਰਿਤ ਕਰ ਰਹੇ ਹਨ। 

ਇਹ ਵੀ ਪੜ੍ਹੋ- ਭਾਰਤ ਆਈ ਅਫ਼ਗਾਨ ਸਿੱਖ ਮਹਿਲਾ ਦਾ ਦਰਦ; ਪੜ੍ਹਾਈ ਦਾ ਸਵਾਲ ਹੀ ਨਹੀਂ, ਘਰੋਂ ਬਾਹਰ ਕਦਮ ਨਹੀਂ ਰੱਖਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC), ਅੰਮ੍ਰਿਤਸਰ ਅਫਗਾਨਿਸਤਾਨ ਤੋਂ ਸਿੱਖਾਂ ਅਤੇ ਹਿੰਦੂਆਂ ਦੀ ਨਿਕਾਸੀ ਪ੍ਰਕਿਰਿਆ ’ਚ ਸ਼ਾਮਲ ਹੈ। SGPC ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਨੇ ਕਿਹਾ ਕਿ ਉਥੋਂ ਕੱਢੇ ਗਏ ਲੋਕਾਂ ਦੀਆਂ ਆਪਣੇ ਬੱਚਿਆਂ ਲਈ ਆਸਰਾ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਮੰਗਾਂ ਜਾਇਜ਼ ਹਨ। ਅਸੀਂ ਇਸ ਬਾਰੇ ਵਿਚਾਰ ਕਰ ਰਹੇ ਹਾਂ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਕਿਵੇਂ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ SGPC ਬੱਚਿਆਂ ਨੂੰ ਦਿੱਲੀ ’ਚ ਸਿੱਖਿਆ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।


 


Tanu

Content Editor

Related News