ਰਾਮ ਜਨਮਭੂਮੀ ਕੰਪਲੈਕਸ ਦੇ ਵਿਸਥਾਰ ਲਈ ਟਰੱਸਟ ਨੇ ਖਰੀਦੀ 1 ਕਰੋੜ ਦੀ ਜ਼ਮੀਨ

Thursday, Mar 04, 2021 - 10:26 AM (IST)

ਅਯੁੱਧਿਆ— ਰਾਮ ਮੰਦਰ ਕੰਪਲੈਕਸ ਦਾ ਵਿਸਥਾਰ 70 ਏਕੜ ਤੋਂ ਵਧਾ ਕੇ 107 ਏਕੜ ਕਰਨ ਦੀ ਯੋਜਨਾ ਤਹਿਤ ‘ਰਾਮ ਜਨਮ ਭੂਮੀ ਤੀਰਥ ਖੇਤਰ’ ਨੇ ਰਾਮ ਜਨਮ ਭੂਮੀ ਕੰਪਲੈਕਸ ਕੋਲ 7,285 ਵਰਗ ਫੁੱਟ ਜ਼ਮੀਨ ਖਰੀਦੀ ਹੈ। ਟਰੱਸਟ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਪਵਿੱਤਰ ਸ਼ਹਿਰ ’ਚ ਰਾਮ ਮੰਦਰ ਦਾ ਨਿਰਮਾਣ ਕਰ ਰਹੇ ਟਰੱਸਟ ਨੇ 7,285 ਵਰਗ ਫੁਟ ਜ਼ਮੀਨ ਦੀ ਖਰੀਦ ਲਈ 1,373 ਰੁਪਏ ਪ੍ਰਤੀ ਵਰਗ ਫੁੱਟ ਦੀ ਦਰ ਨਾਲ 1 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। 

ਟਰੱਸਟੀ ਅਨਿਲ ਮਿਸ਼ਰਾ ਨੇ ਕਿਹਾ ਕਿ ਅਸੀਂ ਇਹ ਜ਼ਮੀਨ ਖਰੀਦੀ ਹੈ, ਕਿਉਂਕਿ ਰਾਮ ਮੰਦਰ ਦੇ ਨਿਰਮਾਣ ਲਈ ਸਾਨੂੰ ਹੋਰ ਥਾਂ ਚਾਹੀਦੀ ਸੀ। ਟਰੱਸਟ ਵਲੋਂ ਖਰੀਦੀ ਗਈ ਇਹ ਜ਼ਮੀਨ ਅਸ਼ਰਫੀ ਭਵਨ ਨੇੜੇ ਸਥਿਤ ਹੈ। ਫੈਜਾਬਾਦ ਦੇ ਡਿਪਟੀ ਰਜਿਸਟਰਾਰ ਐੱਸ. ਬੀ. ਸਿੰਘ ਨੇ ਦੱਸਿਆ ਕਿ ਜ਼ਮੀਨ ਦੇ ਮਾਲਕ ਦੀਪ ਨਰੈਣ ਨੇ ਟਰੱਸਟ ਦੇ ਸਕੱਤਰ ਚੰਪਤ ਰਾਏ ਦੇ ਪੱਖ ਵਿਚ 7,285 ਵਰਗ ਫੁੱਟ ਜ਼ਮੀਨ ਦੀ ਰਜਿਸਟਰੀ ਦੇ ਦਸਤਾਵੇਜ਼ਾਂ ’ਤੇ 20 ਫਰਵਰੀ ਨੂੰ ਦਸਤਖ਼ਤ ਕੀਤੇ। ਮਿਸ਼ਰਾ ਅਤੇ ਆਪਣਾ ਦਲ ਦੇ ਵਿਧਾਇਕ ਇੰਦੂ ਪ੍ਰਤਾਪ ਤਿਵਾੜੀ ਨੇ ਗਵਾਹ ਦੇ ਤੌਰ ’ਤੇ ਦਸਤਾਵੇਜ਼ਾਂ ’ਤੇ ਦਸਤਖ਼ਤ ਕੀਤੇ। ਫੈਜਾਬਾਦ ਦੇ ਡਿਪਟੀ ਰਜਿਸਟਰਾਰ ਐੱਸ. ਬੀ. ਸਿੰਘ ਦੇ ਦਫ਼ਤਰ ਵਿਚ ਹੀ ਇਹ ਰਜਿਸਟਰੀ ਕੀਤੀ ਗਈ। 

ਸੂਤਰਾਂ ਮੁਤਾਬਕ ਟਰੱਸਟ ਦੀ ਯੋਜਨਾ ਅਜੇ ਹੋਰ ਜ਼ਮੀਨ ਖਰੀਦਣ ਦੀ ਹੈ। ਰਾਮ ਮੰਦਰ ਨੇੜੇ ਸਥਿਤ ਮੰਦਰਾਂ, ਮਕਾਨਾਂ ਅਤੇ ਖਾਲੀ ਮੈਦਾਨਾਂ ਦੇ ਮਾਲਕਾਂ ਨਾਲ ਇਸ ਸੰਬੰਧ ਵਿਚ ਗੱਲਬਾਤ ਜਾਰੀ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਦਰ ਦਾ ਨਿਰਮਾਣ 5 ਏਕੜ ਜ਼ਮੀਨ ’ਤੇ ਕੀਤਾ ਜਾਵੇਗਾ ਅਤੇ ਬਾਕੀ ਜ਼ਮੀਨ ’ਤੇ ਅਜਾਇਬਘਰ ਅਤੇ ਲਾਇਬ੍ਰੇਰੀ ਆਦਿ ਵਰਗੇ ਕੇਂਦਰ ਬਣਾਏ ਜਾਣਗੇ। 


Tanu

Content Editor

Related News