ਮਹਾਕੁੰਭ-2025 : ਵੀਰਵਾਰ ਨੂੰ 1 ਕਰੋੜ 95 ਲੱਖ ਲੋਕਾਂ ਨੇ ਸੰਗਮ ’ਚ ਲਾਈ ਡੁਬਕੀ

Friday, Jan 31, 2025 - 12:51 AM (IST)

ਮਹਾਕੁੰਭ-2025 : ਵੀਰਵਾਰ ਨੂੰ 1 ਕਰੋੜ 95 ਲੱਖ ਲੋਕਾਂ ਨੇ ਸੰਗਮ ’ਚ ਲਾਈ ਡੁਬਕੀ

ਮਹਾਕੁੰਭਨਗਰ, ਲਖਨਊ– ਮਹਾਕੁੰਭ ’ਚ ਦੇਸ਼-ਦੁਨੀਆ ਦੇ ਕੋਨੇ-ਕੋਨੇ ’ਚੋਂ ਲੱਖਾਂ ਸ਼ਰਧਾਲੂਆਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਅੰਮ੍ਰਿਤ ਇਸ਼ਨਾਨ ਦੇ ਦੂਜੇ ਦਿਨ ਮੌਨੀ ਮੱਸਿਆ ’ਤੇ ਸ਼ਰਧਾਲੂਆਂ ਦਾ ਸੈਲਾਬ ਆ ਗਿਆ। ਹੁਣ ਤਕ ਇਹ ਗਿਣਤੀ 30 ਕਰੋੜ ਦੇ ਲੱਗਭਗ ਪਹੁੰਚ ਗਈ ਹੈ। ਵੀਰਵਾਰ ਨੂੰ ਮਹਾਕੁੰਭ ’ਚ 1 ਕਰੋੜ 95 ਲੱਖ ਲੋਕਾਂ ਨੇ ਇਸ਼ਨਾਨ ਕੀਤਾ।

ਉੱਧਰ ਪ੍ਰਯਾਗਰਾਜ ਮਹਾਕੁੰਭ ’ਚ ਹੋਏ ਹਾਦਸੇ ਤੋਂ ਬਾਅਦ ਉੱਤਰ-ਪੂਰਬੀ ਰੇਲਵੇ ਨੇ ਵੀ ਯਾਤਰੀਆਂ ਨੂੰ ਉੱਥੋਂ ਕੱਢਣ ਲਈ ਪੂਰੀ ਵਾਹ ਲਾਈ ਹੋਈ ਹੈ। ਬੁੱਧਵਾਰ ਸਵੇਰ ਤੋਂ ਲੈ ਕੇ ਹੁਣ ਤਕ ਲੱਗਭਗ 100 ਟਰੇਨਾਂ ਰਾਹੀਂ ਉੱਥੋਂ ਸ਼ਰਧਾਲੂਆਂ ਨੂੰ ਕੱਢਿਆ ਗਿਆ ਹੈ। ਇਹ ਟਰੇਨਾਂ ਉੱਤਰ-ਪੂਰਬੀ ਰੇਲਵੇ ਦੇ ਝੂੰਸੀ ਤੇ ਰਾਮਬਾਗ ਸਟੇਸ਼ਨ ਤੋਂ ਚੱਲ ਰਹੀਆਂ ਹਨ। ਉੱਥੋਂ ਨਿਕਲਣ ਵਾਲੀਆਂ ਸਾਰੀਆਂ ਟਰੇਨਾਂ ਬਿਹਾਰ ਤੇ ਪੂਰਵਾਂਚਲ ਦੀ ਗੋਰਖਪੁਰ ਡਵੀਜ਼ਨ ਦੇ ਯਾਤਰੀਆਂ ਨੂੰ ਲੈ ਕੇ ਆ ਰਹੀਆਂ ਹਨ।

ਬਸੰਤ ਪੰਚਮੀ ਲਈ ਬਿਹਤਰ ਪ੍ਰਬੰਧ ਕਰਾਂਗੇ : ਡੀ. ਜੀ. ਪੀ. ਪ੍ਰਸ਼ਾਂਤ ਕੁਮਾਰ

ਉੱਤਰ ਪ੍ਰਦੇਸ਼ ਦੇ ਡੀ. ਜੀ. ਪੀ. ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਮਹਾਕੁੰਭ ’ਚ ਮਚੀ ਭਾਜੜ ਦੀ ਜਾਂਚ ਲਈ ਜੁਡੀਸ਼ੀਅਲ ਜਾਂਚ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਫਿਲਹਾਲ ਅਸੀਂ ਇੱਥੇ ਇਸ ਗੱਲ ’ਤੇ ਚਰਚਾ ਕਰਨ ਆਏ ਹਾਂ ਕਿ ਅਸੀਂ ਬਸੰਤ ਪੰਚਮੀ ਦੇ ਅੰਮ੍ਰਿਤ ਇਸ਼ਨਾਨ ਨੂੰ ਕਿਵੇਂ ਚੰਗੇ ਤਰੀਕੇ ਨਾਲ ਆਯੋਜਿਤ ਕਰ ਸਕਦੇ ਹਾਂ। ਕਿਵੇਂ ਬਿਹਤਰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ। ਅਸੀਂ ਉਸ ਥਾਂ ’ਤੇ ਵੀ ਪਹੁੰਚੇ ਜਿੱਥੇ ਭਾਜੜ ਮਚੀ ਸੀ। ਅਸੀਂ ਬਸੰਤ ਪੰਚਮੀ ਲਈ ਬਿਹਤਰ ਪ੍ਰਬੰਧ ਕਰਾਂਗੇ ਅਤੇ ਯਕੀਨੀ ਬਣਾਵਾਂਗੇ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ।


author

Rakesh

Content Editor

Related News