ਪੁਲਸ ਦਾ ਦਾਅਵਾ, ਦਿੱਲੀ ''ਚ ਹਿੰਸਾ ਭੜਕਾਉਣ ਲਈ ਵਿਦੇਸ਼ ਤੋਂ ਆਏ ਸਨ 1.62 ਕਰੋੜ

08/04/2020 10:55:34 PM

ਨਵੀਂ ਦਿੱਲੀ : ਦਿੱਲੀ ਦੰਗਾ ਅਤੇ ਪ੍ਰਦਰਸ਼ਨ ਨੂੰ ਲੈ ਕੇ ਹੁਣ ਤੱਕ ਕਈ ਖੁਲਾਸੇ ਹੋ ਚੁੱਕੇ ਹਨ ਪਰ ਮੰਗਲਵਾਰ ਨੂੰ ਦਿੱਲੀ ਪੁਲਸ ਨੇ ਨਵਾਂ ਦਾਅਵਾ ਕੀਤਾ। ਪੁਲਸ ਨੇ ਦੱਸਿਆ ਕਿ ਦਿੱਲੀ 'ਚ ਦੰਗਾ ਅਤੇ ਪ੍ਰਦਰਸ਼ਨ ਲਈ ਵਿਦੇਸ਼ ਤੋਂ 1 ਕਰੋੜ 62 ਲੱਖ ਰੁਪਏ ਦੀ ਫੰਡਿੰਗ ਕੀਤੀ ਗਈ ਸੀ ਜਿਸ 'ਚ 1 ਕਰੋੜ 47 ਲੱਖ ਰੁਪਏ ਖਰਚ ਕੀਤੇ ਗਏ।

ਫਰਵਰੀ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਐੱਨ.ਆਰ.ਸੀ. (ਰਾਸ਼ਟਰੀ ਨਾਗਰਿਕ ਪੰਜੀਕਰਣ) ਖਿਲਾਫ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕਈ ਥਾਵਾਂ 'ਤੇ ਪ੍ਰਦਰਸ਼ਨ ਹੋਏ ਸਨ। ਉਥੇ ਹੀ ਨਾਰਥ-ਈਸਟ ਦਿੱਲੀ 'ਚ ਦੰਗਾ ਵੀ ਭੜਕਿਆ ਸੀ। ਪੁਲਸ ਨੇ ਦਾਅਵਾ ਕੀਤਾ ਕਿ ਦਿੱਲੀ 'ਚ ਦੰਗਾ ਭੜਕਾਉਣ ਤੋਂ ਪਹਿਲਾਂ ਵਿਦੇਸ਼ ਤੋਂ ਦੋਸ਼ੀਆਂ ਦੇ ਖਾਤੇ 'ਚ 1 ਕਰੋੜ 62 ਲੱਖ 46 ਹਜ਼ਾਰ ਅਤੇ 53 ਰੁਪਏ ਆਏ ਸਨ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ 'ਚ ਕਰੀਬ 1 ਕਰੋੜ 47 ਲੱਖ 98 ਹਜ਼ਾਰ 893 ਰੁਪਏ ਪ੍ਰਦਰਸ਼ਨ ਵਾਲੀਆਂ ਥਾਵਾਂ ਅਤੇ ਹਿੰਸਾ ਕਰਵਾਉਣ 'ਚ ਖਰਚ ਹੋਏ ਸਨ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਪੈਸਿਆਂ ਤੋਂ ਹਥਿਆਰ ਖਰੀਦੇ ਗਏ। ਧਰਨਾ ਪ੍ਰਦਰਸ਼ਨ ਥਾਂ 'ਤੇ ਜ਼ਰੂਰੀ ਸਾਮਾਨਾਂ ਨੂੰ ਪਹੁੰਚਾਇਆ ਗਿਆ।

ਪੁਲਸ ਦਾ ਕਹਿਣਾ ਹੈ ਕਿ ਸਾਊਦੀ ਅਰਬ, ਕਤਰ, ਓਮਾਨ ਤੋਂ ਮੋਟੀ ਰਕਮ ਆਈ ਸੀ। ਪੁਲਸ ਨੇ ਦੱਸਿਆ ਕਿ ਇਸ਼ਰਤ ਜਹਾਂ, ਮਿਰਾਨ ਹੈਦਰ, ਤਾਹਿਰ ਹੁਸੈਨ, ਖਾਲਿਦ ਸੈਫੀ ਅਤੇ ਸ਼ਿਫਾ ਉਰ ਰਹਿਮਾਨ ਦੇ ਖਾਤਿਆਂ 'ਚ ਪੈਸੇ ਭੇਜੇ ਗਏ ਸਨ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਪੈਸੇ ਆਪ ਤੋਂ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਦੇ ਖਾਤੇ 'ਚ ਹੀ ਭੇਜੇ ਗਏ ਸਨ। ਦਿੱਲੀ ਪੁਲਸ ਨੇ ਸਾਰੇ ਦੋਸ਼ੀਆਂ ਤੋਂ ਪੈਸੇ ਵੀ ਬਰਾਮਦ ਕੀਤੇ ਸਨ। ਜ਼ਿਕਰਯੋਗ ਹੈ ਕਿ ਦਿੱਲੀ ਹਿੰਸਾ ਦਾ ਮੁੱਖ ਦੋਸ਼ੀ ਤਾਹਿਰ ਹੁਸੈਨ ਨੇ ਕਬੂਲ ਕਰ ਲਿਆ ਹੈ ਕਿ ਉਹ ਹਿੰਸਾ ਦੇ ਜ਼ਰੀਏ ਹਿੰਦੁਆਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ।

ਪੁਲਸ ਨੇ ਅਪੂਰਵਾਨੰਦ ਤੋਂ ਕੀਤੀ ਪੁੱਛਗਿੱਛ
ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨੇ ਉੱਤਰੀ ਪੂਰਬੀ ਦਿੱਲੀ 'ਚ ਫਰਵਰੀ 'ਚ ਹੋਈ ਹਿੰਸਾ ਦੇ ਮਾਮਲੇ 'ਚ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾਨੰਦ ਤੋਂ ਪੁੱਛਗਿੱਛ ਕੀਤੀ ਹੈ। ਪ੍ਰੋਫੈਸਰ ਅਪੂਰਵਾਨੰਦ ਨੇ ਕਿਹਾ ਕਿ ਸਪੈਸ਼ਲ ਸੈਲ ਨੇ ਕੱਲ ਉਨ੍ਹਾਂ ਨੂੰ 5 ਘੰਟੇ ਤੱਕ ਪੁੱਛਗਿੱਛ ਕੀਤੀ ਅਤੇ ਉਸ ਤੋਂ ਬਾਅਦ ਜਾਂਚ ਦੇ ਨਾਮ 'ਤੇ ਉਨ੍ਹਾਂ  ਦੇ ਮੋਬਾਇਲ ਫੋਨ ਨੂੰ ਜ਼ਬਤ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਅੰਦੋਲਨਕਾਰੀਆਂ ਦਾ ਸਮਰਥਨ ਕਰਨ ਵਾਲਿਆਂ ਨੂੰ ਹਿੰਸਾ ਦਾ ਸਰੋਤ ਦੱਸਣਾ ਬਹੁਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਪੁਲਸ ਅਧਿਕਾਰੀਆਂ ਦੇ ਨਾਲ ਜਾਂਚ 'ਚ ਸਹਿਯੋਗ ਤੋਂ ਇਹ ਉਮੀਦ ਹੈ ਕਿ ਦਿੱਲੀ ਪੁਲਸ ਇੱਕ  ਨਿਰਪੱਖ ਜਾਂਚ ਕਰੇਗੀ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪੁਲਸ ਠੀਕ ਤਰੀਕੇ ਨਾਲ ਜਾਂਚ ਕਰੇ ਅਤੇ ਕਿਸੇ ਨਿਰਦੋਸ਼ ਨੂੰ ਨਾ ਫਸਾਇਆ ਜਾਵੇ।
 


Inder Prajapati

Content Editor

Related News