ਰਾਜ ਸਭਾ ’ਚ ਕੇਂਦਰ ਦਾ ਜਵਾਬ, ਕਿਹਾ- ਕੋਰੋਨਾ ਕਾਲ ’ਚ 1.59 ਲੱਖ ਲੋਕਾਂ ਨੂੰ ਮਿਲੀ ਸਰਕਾਰੀ ਨੌਕਰੀ
Thursday, Jul 21, 2022 - 05:09 PM (IST)
ਨਵੀਂ ਦਿੱਲੀ– ਕੇਂਦਰ ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਕੋਵਿਡ-19 (ਕੋਰੋਨਾ) ਮਹਾਮਾਰੀ ਦੇ ਪਿਛਲੇ 2 ਸਾਲਾਂ ਦੌਰਾਨ ਕਰੀਬ 1.59 ਲੱਖ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। ਰਾਜ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਕੇਂਦਰੀ ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ, ‘‘ਕੇਂਦਰ ਸਰਕਾਰ ’ਚ ਨਿਯੁਕਤੀਆਂ ਇਕ ਨਿਰੰਤਰ ਪ੍ਰਕਿਰਿਆ ਹੈ।
ਕੇਂਦਰੀ ਲੋਕ ਸੇਵਾ ਕਮਿਸ਼ਨ (UPSC), ਸਟਾਫ਼ ਸਿਲੈਕਸ਼ਨ ਕਮਿਸ਼ਨ (SSC) ਅਤੇ ਇੰਸਟੀਚਿਊਟ ਆਫ਼ ਬੈਂਕਿੰਗ ਪਰਸਨਲ ਸਿਲੈਕਸ਼ਨ (IBPS) ਕੋਵਿਡ-19 ਸੁਰੱਖਿਆ ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਪ੍ਰੀਖਿਆਵਾਂ ਆਯੋਜਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲ 2020 ਤੋਂ 2022 ਦਰਮਿਆਨ ਕੋਵਿਡ-19 ਮਹਾਮਾਰੀ ਦੌਰਾਨ UPSC ਨੇ 8913, SSC ਨੇ 97,914 ਅਤੇ IBPS ਨੇ 52,788 ਲੋਕਾਂ ਦੀ ਨਿਯੁਕਤੀ ਕੀਤੀ।