ਹਰਿਆਣਾ ’ਚ ਸਰਕਾਰ ਤੋਂ ਸੁਰੱਖਿਆ ਪ੍ਰਾਪਤ 464 ਲੋਕਾਂ  ਲਈ ਕੁੱਲ 1515 ਸੁਰੱਖਿਆ ਕਰਮੀ ਤਾਇਨਾਤ

Tuesday, Aug 09, 2022 - 11:17 AM (IST)

ਹਰਿਆਣਾ ’ਚ ਸਰਕਾਰ ਤੋਂ ਸੁਰੱਖਿਆ ਪ੍ਰਾਪਤ 464 ਲੋਕਾਂ  ਲਈ ਕੁੱਲ 1515 ਸੁਰੱਖਿਆ ਕਰਮੀ ਤਾਇਨਾਤ

ਚੰਡੀਗੜ੍ਹ/ਹਰਿਆਣਾ– ਹਰਿਆਣਾ ਸਰਕਾਰ ਨੇ ਸੋਮਵਾਰ ਨੂੰ ਸੂਬਾ ਵਿਧਾਨ ਸਭਾ ਨੂੰ ਦੱਸਿਆ ਕਿ ਸੁਰੱਖਿਆ ਪ੍ਰਾਪਤ 464 ਲੋਕਾਂ ਲਈ 1515 ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਜਿਨ੍ਹਾਂ ਵਿਚ ਸੂਬੇ ਦੇ ਸੰਸਦ ਮੈਂਬਰ, ਸਾਬਕਾ ਸੰਸਦ ਮੈਂਬਰ, ਮੌਜੂਦਾ ਅਤੇ ਸਾਬਕਾ ਵਿਧਾਇਕ ਸ਼ਾਮਲ ਹਨ। ਇਨੈਲੋ ਵਿਧਾਇਕ ਅਭੈ ਸਿੰਘ ਚੌਟਾਲਾ ਵੱਲੋਂ ਪੁੱਛੇ ਸਵਾਲ ਦੇ ਲਿਖਤੀ ਜਵਾਬ ਵਿਚ ਸਦਨ ਨੂੰ ਸੂਚਿਤ ਕੀਤਾ ਗਿਆ ਕਿ ਸੁਰੱਖਿਆ, ਸਥਿਤੀ ਅਤੇ ਖਤਰੇ ਦੇ ਆਧਾਰ 'ਤੇ ਮੁਹੱਈਆ ਕਰਵਾਈ ਗਈ ਹੈ। ਵੱਖ-ਵੱਖ ਰੈਂਕਾਂ ਦੇ ਪੁਲਸ ਕਰਮਚਾਰੀ ਇਨ੍ਹਾਂ ਸੁਰੱਖਿਆ ਕਰਮੀਆਂ ਦੀ ਸੁਰੱਖਿਆ ਲਈ ਤਾਇਨਾਤ ਹਨ।

ਸੂਬੇ ਦੇ ਸੰਸਦ ਮੈਂਬਰਾਂ ਦੀ ਸੁਰੱਖਿਆ ’ਚ ਲੱਗੇ ਸੁਰੱਖਿਆ ਕਰਮੀਆਂ ਦਾ ਬਿਓਰਾ ਦਿੰਦੇ ਹੋਏ ਦੱਸਿਆ ਗਿਆ ਕਿ 5 ਸੰਸਦ ਮੈਂਬਰਾਂ ਸਮੇਤ 15 ਸੰਸਦ ਮੈਂਬਰਾਂ ਲਈ 66 ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਸਨ। ਉੱਥੇ ਹੀ 6 ਸਾਬਕਾ ਸੰਸਦ ਮੈਂਬਰਾਂ ਦੀ ਸੁਰੱਖਿਆ ਲਈ 17 ਕਰਮੀ, 90 ਮੌਜੂਦਾ ਵਿਧਾਇਕਾਂ ਦੀ ਸੁਰੱਖਿਆ ਲਈ 811, 37 ਸਾਬਕਾ ਵਿਧਾਇਕਾਂ ਦੀ ਸੁਰੱਖਿਆ ਲਈ 98 ਜਦਕਿ 532 ਸੁਰੱਖਿਆ ਕਰਮੀ ਵੱਖ-ਵੱਖ ਸ਼੍ਰੇਣੀਆਂ ਦੇ 316 ਵਿਅਕਤੀਆਂ/ਨੇਤਾਵਾਂ ਦੀ ਸੁਰੱਖਿਆ ਲਈ ਕਰਮੀ ਤਾਇਨਾਤ ਕੀਤੇ ਗਏ ਹਨ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ 'ਜ਼ੈੱਡ' ਪਲੱਸ ਸੁਰੱਖਿਆ ਕਵਰ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ 'ਜ਼ੈੱਡ' ਸੁਰੱਖਿਆ ਕਵਰ ਹੈ, ਜਦਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ 'ਵਾਈ' ਸ਼੍ਰੇਣੀ ਸੁਰੱਖਿਆ ਕਵਰ ਦਿੱਤੀ ਗਈ ਹੈ। ਹੋਰ ਸੁਰੱਖਿਆ ਪ੍ਰਾਪਤ ਕਰਨ ਵਾਲਿਆਂ ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਪ੍ਰਦੇਸ਼ ਭਾਜਪਾ ਦੇ ਮੁਖੀ ਓ. ਪੀ. ਧਨਖੜ, ਕੁਝ ਪੱਤਰਕਾਰ, ਇਕ ਆਰ.ਟੀ.ਆਈ ਕਾਰਕੁਨ, ਕਈ ਸੀਨੀਅਰ ਸਾਬਕਾ ਨੌਕਰਸ਼ਾਹ ਅਤੇ ਸਾਬਕਾ ਉੱਚ ਪੁਲਸ ਅਧਿਕਾਰੀ ਸ਼ਾਮਲ ਹਨ।

ਦੱਸ ਦੇਈਏ ਕਿ ਅਭੈ ਚੌਟਾਲਾ ਨੇ ਅਕਤੂਬਰ 2019 ਤੋਂ ਹੁਣ ਤੱਕ ਸੂਬੇ ’ਚ ਸਰਕਾਰੀ ਖਰਚੇ 'ਤੇ ਸੁਰੱਖਿਆ ਪ੍ਰਦਾਨ ਕਰਨ ਵਾਲੇ ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ, ਮੌਜੂਦਾ ਅਤੇ ਸਾਬਕਾ ਵਿਧਾਇਕਾਂ ਅਤੇ ਹੋਰ ਵੱਖ-ਵੱਖ ਸ਼੍ਰੇਣੀਆਂ ਨਾਲ ਸਬੰਧ ਵਿਅਕਤੀਆਂ/ਨੇਤਾਵਾਂ ਦੇ ਨਾਂ ਜਾਣਨ ਦੀ ਮੰਗ ਕੀਤੀ ਸੀ। ਇਸ ਦੌਰਾਨ ਇਨੈਲੋ ਦੇ ਮੁਖੀ ਓ.ਪੀ. ਚੌਟਾਲਾ ਦੇ ਛੋਟੇ ਪੁੱਤਰ ਅਭੈ ਨੇ ਦੋਸ਼ ਲਾਇਆ ਕਿ 464 ਵਿਚੋਂ ਕੁਝ ਸੁਰੱਖਿਆ ਕਰਮੀਆਂ ਦਾ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ ਸੀ ਕਿਉਂਕਿ ਉਹ ਕਿਸੇ ਨਾ ਕਿਸੇ ਰੂਪ ਵਿਚ ਭਾਜਪਾ ਨਾਲ ਜੁੜੇ ਹੋਏ ਹਨ। 


author

Tanu

Content Editor

Related News