ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ : ਅਯੁੱਧਿਆ ''ਚ ਬਣਾਈ ਜਾ ਰਹੀ ''ਟੈਂਟ ਸਿਟੀ'', 80 ਹਜ਼ਾਰ ਹੋਵੇਗੀ ਸਮਰੱਥਾ
Tuesday, Nov 21, 2023 - 12:02 PM (IST)

ਅਯੁੱਧਿਆ/ਲਖਨਊ (ਭਾਸ਼ਾ)- ਭਗਵਾਨ ਸ਼੍ਰੀ ਰਾਮ ਦੇ ਜਨਮ ਸਥਾਨ ਅਯੁੱਧਿਆ ਵਿਚ ਬਣਾਏ ਜਾ ਰਹੇ ਵਿਸ਼ਾਲ ਰਾਮ ਮੰਦਰ ਵਿਚ ਅਗਲੇ ਸਾਲ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ 'ਟੈਂਟ ਸਿਟੀ' ਸਥਾਪਿਤ ਕੀਤੀ ਜਾ ਰਹੀ ਹੈ, ਜਿਸ 'ਚ 80 ਹਜ਼ਾਰ ਸ਼ਰਧਾਲੂਆਂ ਦੇ ਰੁਕਣ ਦੀ ਵਿਵਸਥਾ ਹੋਵੇਗੀ। ਲਖਨਊ 'ਚ ਜਾਰੀ ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਤੋਂ ਲੱਖਾਂ ਲੋਕਾਂ ਦੇ ਅਯੁੱਧਿਆ ਪਹੁੰਚਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਯੋਗੀ ਆਦਿਤਿਆਨਾਥ ਇਰਾਦੇ ਮੁਤਾਬਕ ਸ਼੍ਰੀ ਰਾਮ ਮੰਦਰ ਤੀਰਥ ਖੇਤਰ ਟਰੱਸਟ ਅਤੇ ਅਯੁੱਧਿਆ ਵਿਕਾਸ ਅਥਾਰਟੀ ਵਲੋਂ ਵੱਖ-ਵੱਖ ਥਾਵਾਂ 'ਤੇ ਟੈਂਟ ਸਿਟੀ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਨ੍ਹਾਂ 'ਚ ਰਿਹਾਇਸ਼ ਅਤੇ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਜਾਵੇਗਾ। ਬਿਆਨ 'ਚ ਅਯੁੱਧਿਆ ਵਿਕਾਸ ਅਥਾਰਟੀ (ਏ.ਡੀ.ਏ.) ਦੇ ਸਕੱਤਰ ਸਤੇਂਦਰ ਸਿੰਘ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮਾਝਾ ਗੁਪਤਾਰ ਘਾਟ ਵਿਖੇ 20 ਏਕੜ ਜ਼ਮੀਨ ਵਿਚ ਟੈਂਟ ਸਿਟੀ ਬਣਾਈ ਜਾਵੇਗੀ। ਇਸ 'ਚ ਲਗਭਗ 20 ਤੋਂ 25 ਹਜ਼ਾਰ ਦੇ ਕਰੀਬ ਸ਼ਰਧਾਲੂਆਂ ਦੇ ਰਹਿਣ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਅਯੁੱਧਿਆ ਧਾਮ 'ਚ ਬ੍ਰਹਮਾਕੁੰਡ ਦੇ ਕੋਲ ਵੀ ਇਕ ਟੈਂਟ ਸਿਟੀ ਸਥਾਪਤ ਕੀਤੀ ਜਾ ਰਹੀ ਹੈ। ਇਸ 'ਚ 35 ਟੈਂਟ ਲੱਗਣਗੇ, ਜਿਸ 'ਚ ਲਗਭਗ 30 ਹਜ਼ਾਰ ਸ਼ਰਧਾਲੂਆਂ ਦੇ ਰੁਕਣ ਦੀ ਵਿਵਸਥਾ ਹੋ ਸਕੇਗੀ। ਇਸ ਤੋਂ ਇਲਾਵਾ ਕਾਰਸੇਵਕਪੁਰਮ ਅਤੇ ਮਣੀਰਾਮ ਦਾਸ ਦੀ ਛਾਉਣੀ 'ਚ ਵੀ ਸ਼ਰਧਾਲੂਆਂ ਦੇ ਰੁਕਣ ਲਈ ਟੈਂਟ ਸਿਟੀ ਸਥਾਪਤ ਕੀਤੀ ਜਾਵੇਗੀ। ਸਤੇਂਦਰ ਸਿੰਘ ਨੇ ਦੱਸਿਆ ਕਿ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਦੇ ਸਮੇਂ ਕੜਾਕੇ ਦੀ ਠੰਡ ਰਹੇਗੀ। ਅਜਿਹੇ 'ਚ ਇੱਥੇ ਆਉਣ ਵਾਲੇ ਸ਼ਰਧਾਲੂਆਂ ਦੇ ਰੁਕਣ ਲਈ ਟੈਂਟ ਸਿਟੀ ਸਥਾਪਤ ਕੀਤੀ ਜਾ ਰਹੀ ਹੈ। ਸਰਦ ਰੁੱਤ 'ਚ ਪ੍ਰਾਣ ਪ੍ਰਤਿਸ਼ਠਾ ਮਹਾਉਤਸਵ ਨੂੰ ਦੇਖਦੇ ਹੋਏ ਟੈਂਟ ਸਿਟੀ ਦਾ ਨਿਰਮਾਣ ਇਸ ਤਰ੍ਹਾਂ ਕੀਤਾ ਜਾਵੇਗਾ ਕਿ ਸ਼ਰਧਾਲੂਆਂ ਨੂੰ ਠੰਡ ਤੋਂ ਰਾਹਤ ਮਿਲ ਸਕੇ। ਇਸ ਲਈ ਗੱਦੇ-ਕੰਬਲ ਦਾ ਵੀ ਪ੍ਰਬੰਧ ਹੋ ਰਿਹਾ ਹੈ। ਇੱਥੇ ਰੁਕਣ ਵਾਲੇ ਸ਼ਰਧਾਲੂਆਂ ਲਈ ਟਾਇਲਟ ਅਤੇ ਬਾਥਰੂਮਾਂ ਤੋਂ ਇਲਾਵਾ ਭੋਜਨ ਲਈ ਭੰਡਾਰ ਅਤੇ ਮੈਡੀਕਲ ਕੈਂਪ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਏ.ਡੀ.ਏ. ਵਲੋਂ ਜੋ ਟੈਂਟ ਸਿਟੀ ਸਥਾਪਤ ਕੀਤੀ ਜਾ ਰਹੀ ਹੈ, ਉਹ ਠੇਕੇਦਾਰਾਂ ਵਲੋਂ ਨਿਰਮਿਤ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜਨਵਰੀ ਨੂੰ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8