ਉਹ ਦਿਨ ਦੂਰ ਨਹੀਂ ਜਦੋਂ ਸੰਸਦ ''ਚ ਮੁਸਲਮਾਨ ਦੀ ''ਮੌਬ ਲਿੰਚਿੰਗ'' ਹੋਵੇਗੀ: ਓਵੈਸੀ
Monday, Sep 25, 2023 - 05:35 PM (IST)

ਹੈਦਰਾਬਾਦ- ਲੋਕ ਸਭਾ 'ਚ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਵਲੋਂ ਬਹੁਜਨ ਸਮਾਜ ਪਾਰਟੀ ਦੇ ਮੈਂਬਰ ਦਾਨਿਸ਼ ਅਲੀ 'ਤੇ ਕੀਤੀ ਗਈ ਟਿੱਪਣੀ 'ਤੇ ਅਸਦੁਦੀਨ ਓਵੈਸੀ ਨੇ ਸਖ਼ਤ ਇਤਰਾਜ਼ ਜਤਾਇਆ। ਓਵੈਸੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੰਸਦ ਵਿਚ ਇਕ ਮੁਸਲਿਮ ਦੀ ਭੀੜ ਵਲੋਂ ਕੁੱਟ-ਕੁੱਟ ਕੇ ਕਤਲ (ਮੌਬ ਲਿੰਚਿੰਗ) ਕੀਤੀ ਜਾਵੇਗੀ। ਐਤਵਾਰ ਦੇਰ ਰਾਤ ਇੱਥੇ ਇਕ ਸਭਾ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੇ ਦੇਸ਼ 'ਚ ਗਊ ਤਸਕਰੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਭੀੜ ਵਲੋਂ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਬਾਰੇ ਵੀ ਗੱਲ ਕੀਤੀ।
ਓਵੈਸੀ ਨੇ ਕਿਹਾ ਕਿ ਅਸੀਂ ਵੇਖਦੇ ਹਾਂ ਕਿ ਸੰਸਦ ਵਿਚ ਭਾਜਪਾ ਦਾ ਇਕ ਸੰਸਦ ਮੈਂਬਰ ਇਕ ਮੁਸਲਿਮ ਸੰਸਦ ਮੈਂਬਰ ਨੂੰ ਗਾਲ੍ਹਾਂ ਦਿੰਦਾ ਹੈ। ਲੋਕ ਆਖ ਰਹੇ ਹਨ ਕਿ ਉਨ੍ਹਾਂ ਨੂੰ ਸੰਸਦ ਵਿਚ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ। ਕਹਿੰਦੇ ਹਨ ਕਿ ਉਨ੍ਹਾਂ ਦੀ ਜ਼ੁਬਾਨ ਖਰਾਬ ਸੀ, ਉਹ ਇਕ ਜਨਪ੍ਰਤੀਨਿਧੀ ਹਨ, ਤੁਸੀਂ ਉਨ੍ਹਾਂ ਨੂੰ ਵੋਟ ਪਾਈ ਹੈ।
ਹੈਦਰਾਬਾਦ ਦੇ ਸੰਸਦ ਮੈਂਹਬ ਨੇ ਹਰਿਆਣਾ ਦੇ ਨੂਹ ਵਿਚ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤੇ ਬਿਨਾਂ ਘਰਾਂ ਨੂੰ ਤੋੜ ਅਤੇ ਧਰਮ ਸੰਸਦ ਵਿਚ ਮੁਸਲਮਾਨਾਂ ਖਿਲਾਫ਼ ਮਾੜੇ ਬੋਲ ਆਖੇ ਜਾਣ ਦੀਆਂ ਘਟਨਾਵਾਂ ਦਾ ਵੀ ਹਵਾਲਾ ਦਿੱਤਾ। ਓਵੈਸੀ ਨੇ ਕਿਹਾ ਕਿ ਮੇਰੇ ਸ਼ਬਦਾਂ ਨੂੰ ਯਾਦ ਰੱਖੋ। ਇਕ ਦਿਨ ਆਵੇਗਾ ਜਦੋਂ ਸੰਸਦ 'ਚ ਇਕ ਮੁਸਲਿਮ ਦੀ ਮੌਬ ਲਿੰਚਿੰਗ ਹੋਵੇਗੀ। ਉਹ ਦਿਨ ਦੂਰ ਨਹੀਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਅਰਾ 'ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ' ਕਿੱਥੇ ਗਾਇਬ ਹੋ ਗਿਆ? ਓਵੈਸੀ ਨੇ ਦਾਅਵਾ ਕੀਤਾ ਕਿ ਹਰਿਆਣਾ ਵਿਚ ਗਊ ਤਸਕਰੀ ਦੇ ਦੋਸ਼ ਵਿਚ ਜੁਨੈਦ ਅਤੇ ਨਸੀਰ ਦੇ ਕਤਲ ਵਰਗੀਆਂ ਘਟਨਾਵਾਂ 'ਤੇ ਪ੍ਰਧਾਨ ਮੰਤਰੀ ਚੁੱਪ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਵੋਟ ਪਾਉਣ ਲਈ ਦੇਸ਼ ਵਿਚ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਹੈ।