ਆਫ਼ ਦਾ ਰਿਕਾਰਡ : ਡੀ. ਐੱਮ. ਕੇ. ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ''ਚ ‘ਇੰਡੀਆ’ ਬਲਾਕ
Tuesday, Jun 02, 2026 - 10:46 PM (IST)
ਨੈਸ਼ਨਲ ਡੈਸਕ- ‘ਇੰਡੀਆ’ ਬਲਾਕ ਡੀ. ਐੱਮ. ਕੇ. ਦੇ ਜਾਣ ਅਤੇ ਉਸ ਨਾਲ ਪੈਦਾ ਹੋਈ ਭਰੋਸੇ ਦੀ ਕਮੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਮਿਲਨਾਡੂ ਵਿਚ ਭਾਵੇਂ ਸੂਬਾ ਪੱਧਰ ’ਤੇ ਰਿਸ਼ਤੇ ਅਧਿਕਾਰਤ ਤੌਰ ’ਤੇ ਟੁੱਟ ਚੁੱਕੇ ਹਨ, ਪਰ ‘ਇੰਡੀਆ’ ਗੱਠਜੋੜ ਕਿਸੇ ਵੀ ਤਰੀਕੇ ਇਸ ਸੰਕਟ ਨਾਲ ਨਜਿੱਠਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ। ਹੱਲ ਦੀ ਮੁੱਖ ਰਣਨੀਤੀ ਤਾਮਿਲਨਾਡੂ ਦੀ ‘ਦਰਾਰ’ ਨੂੰ ਰਾਸ਼ਟਰੀ ਪੱਧਰ ’ਤੇ ਵਿਰੋਧੀ ਧਿਰ ਦੇ ਤਾਲਮੇਲ ਤੋਂ ਵੱਖ ਰੱਖਣਾ ਹੈ। ‘ਇੰਡੀਆ’ ਬਲਾਕ ਰਾਸ਼ਟਰੀ ਮੁੱਦਿਆਂ ’ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਅਤੇ ਹੱਦਬੰਦੀ ਵਰਗੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਇਕਜੁੱਟ ਸੰਸਦੀ ਗੱਠਜੋੜ ਵਜੋਂ ਕੰਮ ਕਰਨਾ ਜਾਰੀ ਰੱਖਣਾ ਚਾਹੁੰਦਾ ਹੈ।
ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੇ ਸੀਨੀਅਰ ਆਗੂ ਡੀ. ਐੱਮ. ਕੇ. ਨੂੰ ਸ਼ਾਂਤ ਕਰਨ ਲਈ ਗ਼ੈਰ-ਰਸਮੀ ਚਰਚਾ ਅਤੇ ਸਲਾਹ-ਮਸ਼ਵਰਾ ਕਰ ਰਹੇ ਹਨ। ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਭਾਵੇਂ ਡੀ. ਐੱਮ. ਕੇ. ਸੂਬੇ ਵਿਚ ਵਿਆਪਕ ਗੱਠਜੋੜ ਨੂੰ ਛੱਡ ਦੇਵੇ, ਪਰ ਉਹ ਕੇਂਦਰ ਵਿਚ ਸੱਤਾਧਾਰੀ ਪਾਰਟੀ ਦਾ ਵਿਰੋਧ ਕਰਨ ਵਿਚ ਸਹਿਯੋਗੀ ਬਣੀ ਰਹੇ। ਕਾਂਗਰਸ ਅਤੇ ਕੁਝ ਖੱਬੇਪੱਖੀ ਪਾਰਟੀਆਂ ਨੇ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਨਵੀਂ ਬਣੀ ਟੀ. ਵੀ. ਕੇ. ਸਰਕਾਰ ਨੂੰ ਸਮਰਥਨ ਦਿੱਤਾ, ਜਿਸਦਾ ਮਕਸਦ ਰਾਸ਼ਟਰੀ ਗੱਠਜੋੜ ਵਿਵਸਥਾ ਦੀ ਰੱਖਿਆ ਕਰਦੇ ਹੋਏ ਤਾਮਿਲਨਾਡੂ ਵਿਚ ਇਕ ਧਰਮ-ਨਿਰਪੱਖ ਮੋਰਚੇ ਨੂੰ ਸੱਤਾ ਵਿਚ ਬਣਾਈ ਰੱਖਣਾ ਸੀ।
‘ਇੰਡੀਆ’ ਗੱਠਜੋੜ ਨੇ 8 ਜੂਨ ਨੂੰ ਨਵੀਂ ਦਿੱਲੀ ਵਿਚ ਇਕ ਅਹਿਮ ਮੀਟਿੰਗ ਤੈਅ ਕੀਤੀ ਹੈ ਤਾਂ ਜੋ ਨਤੀਜਿਆਂ ਦਾ ਮੁਲਾਂਕਣ ਕੀਤਾ ਜਾ ਸਕੇ ਅਤੇ ਨਵੀਂ ਰਣਨੀਤੀ ਬਣਾਈ ਜਾ ਸਕੇ, ਤਾਂ ਜੋ ਵਿਚਾਰਧਾਰਾ ਅਤੇ ਖੇਤਰੀ ਮਤਭੇਦਾਂ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਹੀ ਹੱਲ ਕੀਤਾ ਜਾ ਸਕੇ। ‘ਆਪ’ ਨੂੰ ਵੀ ਨਾਲ ਲਿਆਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ, ਜਿਸ ਦੇ ਹੁਣ ਰਾਜ ਸਭਾ ਅਤੇ ਲੋਕ ਸਭਾ ਵਿਚ 3-3 ਸੰਸਦ ਮੈਂਬਰ ਰਹਿ ਗਏ ਹਨ। ਇਸ ਮੀਟਿੰਗ ਵਿਚ ਅਜੇ ਤੱਕ ਲੱਗਭਗ 15 ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਆਉਣ ਦੀ ਉਮੀਦ ਹੈ ਅਤੇ ‘ਆਪ’ ਵੀ ਸ਼ਾਮਲ ਹੋ ਸਕਦੀ ਹੈ। ਡੀ. ਐੱਮ. ਕੇ. ਨਾਰਾਜ਼ ਹੈ ਅਤੇ ਉਸ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।
