ਦਿਨ ਦਿਹਾੜੇ ਚੋਰੀ ਕਰਨ ਵਾਲਾ ਪੁਲਸ ਵੱਲੋਂ 24 ਘੰਟੇ ’ਚ ਕਾਬੂ
Tuesday, Nov 25, 2025 - 06:16 PM (IST)
ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਬੀਤੇ ਦਿਨ ਦਿਹਾੜੇ ਕਚਿਹਰੀ ਰੋਡ ਮੋਗਾ ’ਤੇ ਸਥਿਤ ਸਟੂਡੀਓ ਸੰਚਾਲਕ ਦੇ ਘਰ ’ਚੋਂ ਕੈਮਰੇ ਅਤੇ ਹੋਰ ਸਾਮਾਨ ਚੋਰੀ ਕਰਕੇ ਲਿਜਾਣ ਵਾਲੇ ਮੁਲਜ਼ਮ ਨੂੰ 24 ਘੰਟਿਆਂ ਅੰਦਰ ਸਮਾਨ ਸਮੇਤ ਦਬੋਚ ਲਿਆ ਗਿਆ। ਇਸ ਸਬੰਧ ਵਿਚ ਅਗਲੇਰੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਵਰੁਣ ਕੁਮਾਰ ਨੇ ਬੀਤੀ 23 ਨਵੰਬਰ ਨੂੰ ਕਚਹਿਰੀ ਰੋਡ ਮੋਗਾ ’ਤੇ ਪ੍ਰਿੰਸ ਸਟੂਡੀਓ ਦੀ ਦੁਕਾਨ ਉਪਰ ਬਣੇ ਰਿਹਾਇਸ਼ੀ ਮਕਾਨ ’ਚੋਂ ਦਿਨ ਦਿਹਾੜੇ ਚੋਰੀ ਕਰਨ ਵਾਲੇ ਇਕ ਵਿਅਕਤੀ ਸਰਬਜੀਤ ਸਿੰਘ ਨਿਵਾਸੀ ਪਿੰਡ ਧੱਲੇਕੇ ਨੂੰ ਚੋਰੀ ਦੇ ਸਾਮਾਨ ਸਮੇਤ ਦਬੋਚ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜਸਪਾਲ ਸਿੰਘ ਨੇ ਕਿਹਾ ਸੀ ਕਿ ਉਹ ਆਪਣੀ ਪੋਤਰੀ ਨੂੰ ਸਕੂਲ ਤੋਂ ਲੈਣ ਗਿਆ ਸੀ, ਜਦੋਂ ਉਹ ਉਸ ਨੂੰ ਘਰ ਛੱਡ ਕੇ ਆਪਣੀ ਦੁਕਾਨ ਉਪਰ ਬਣੇ ਮਕਾਨ ਵਿਚ ਗਿਆ ਤਾਂ ਦੇਖਿਆ ਕਿ ਸਾਰਾ ਸਾਮਾਨ ਖਿੱਲਰਿਆ ਪਿਆ ਸੀ, ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਮੁਖੀ ਇੰਸਪੈਕਟਰ ਵਰੁਣ ਕੁਮਾਰ ਨੇ ਆਸ ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੈਜ਼ ਨੂੰ ਖੰਗਾਲਿਆ ਅਤੇ ਆਖਿਰ ਚੋਰ ਨੂੰ ਜਾ ਦਬੋਚਿਆ, ਜਿਸ ਦੇ ਕੋਲੋਂ ਚੋਰੀ ਦਾ ਸਾਮਾਨ ਜਿਸ ਵਿਚ, ਇਕ ਲੈਪਟਾਪ, ਦੋ ਕੈਮਰੇ ਫੋਟੋ ਗ੍ਰਾਫਰੀ ਵਾਲੇ, ਇਕ ਫਲੈਸ ਲਾਈਟ ਬਰਾਮਦ ਕੀਤੀ ਗਈ, ਥਾਣਾ ਮੁਖੀ ਨੇ ਕਿਹਾ ਕਿ ਕਥਿਤ ਮੁਲਜ਼ਮ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
