ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮੋਗਾ ਵਿਖੇ ਮੀਟਿੰਗ
Tuesday, Aug 18, 2026 - 06:18 PM (IST)
ਮੋਗਾ (ਬਿੰਦਾ) : ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਇਕ ਅਹਿਮ ਮੀਟਿੰਗ ਮੋਗਾ ਬੱਸ ਸਟੈਂਡ ਦੇ ਮੀਟਿੰਗ ਹਾਲ ਵਿਖੇ ਹੋਈ। ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਤੀ ਪੰਜਾਬ ਸਰਕਾਰ ਵੱਲੋਂ ਅਪਣਾਏ ਜਾ ਰਹੇ ਅੜੀਅਲ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਡੀ.ਏ. ਦੇ ਮਾਮਲੇ ਵਿੱਚ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਬਣਦਾ ਹੱਕ ਦੇਣ ਤੋਂ ਟਾਲ-ਮਟੋਲ ਕੀਤੀ ਜਾ ਰਹੀ ਹੈ। ਮਾਣਯੋਗ ਹਾਈਕੋਰਟ ਵੱਲੋਂ ਕੀਤੇ ਗਏ ਹੁਕਮਾਂ ਨੂੰ ਮੰਨਣ ਤੋਂ ਵੀ ਸਰਕਾਰ ਵੱਲੋਂ ਇਨਕਾਰ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਦੇ ਵਿਰੁੱਧ ਹਾਈਕੋਰਟ ਵਿੱਚ ਮਹਿੰਗੇ ਪ੍ਰਾਈਵੇਟ ਵਕੀਲ ਕਰਕੇ ਖੜ੍ਹੀ ਹੋਈ, ਪਰ ਇਸ ਦੇ ਬਾਵਜੂਦ ਵੀ ਸਰਕਾਰ ਨੂੰ ਹਾਈਕੋਰਟ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਸਰਕਾਰ ਦੇ ਇਸ ਰਵੱਈਏ ਦਾ ਜਵਾਬ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਰਾਹੀਂ ਦਿੱਤਾ ਜਾਵੇਗਾ ਅਤੇ ਸਰਕਾਰ ਦੀਆਂ ਨੀਤੀਆਂ ਦਾ ਹਰ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ। ਮੀਟਿੰਗ ਦੌਰਾਨ ਹੋਰ ਭਖਦੀਆਂ ਮੰਗਾਂ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।
ਇਨ੍ਹਾਂ ਵਿਚ 2.59 ਦਾ ਗੁਣਾਂਕ ਲਾਗੂ ਨਾ ਕਰਨਾ, ਮੈਡੀਕਲ ਬਿੱਲਾਂ ਦੀ ਅਦਾਇਗੀ ਸਮੇਂ ਸਿਰ ਨਾ ਕਰਨਾ, ਕੱਚੇ ਕਾਮਿਆਂ ਨੂੰ ਪੱਕਾ ਨਾ ਕਰਨਾ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨਾ ਆਦਿ ਮੁੱਖ ਮੰਗਾਂ ਸ਼ਾਮਲ ਹਨ। ਬੁਲਾਰਿਆਂ ਨੇ ਇਨ੍ਹਾਂ ਮੰਗਾਂ ਤੋਂ ਪਿੱਛੇ ਹਟਣ ਲਈ ਵੀ ਪੰਜਾਬ ਸਰਕਾਰ ਦੀ ਪੁਰਜ਼ੋਰ ਨਿੰਦਾ ਕੀਤੀ। ਮੀਟਿੰਗ ਵਿਚ ਸੂਬਾ ਪ੍ਰਧਾਨ ਦਲਜੀਤ ਸਿੰਘ ਭੁੱਲਰ, ਸੂਬਾ ਜਨਰਲ ਸਕੱਤਰ ਰਛਪਾਲ ਸਿੰਘ ਮੌਜਗੜ੍ਹ, ਕੈਸ਼ੀਅਰ ਅਮਰਜੀਤ ਸਿੰਘ, ਮੋਗਾ ਪ੍ਰਧਾਨ ਨਰੇਸ਼ ਕੁਮਾਰ, ਸਵਰਨ ਸਿੰਘ ਸ਼ਾਹਬੁੱਕਰ, ਸੁਖਜੀਤ ਸਿੰਘ ਕੜਮਾ, ਬਸੰਤ ਸਿੰਘ ਖ਼ਾਲਸਾ, ਗੁਰਦੇਵ ਸਿੰਘ ਢਿੱਲੋਂ, ਜਗਜੀਤ ਸਿੰਘ ਖ਼ਾਲਸਾ, ਅਮਰਜੀਤ ਸਿੰਘ ਸਿੱਧੂ, ਦਇਆ ਸਿੰਘ ਪੱਟੀ, ਰਮੇਸ਼ ਕੁਮਾਰ ਮਖੂ, ਰਾਮ ਨਾਥ, ਕੁਲਦੀਪ ਚੰਦ, ਮਾਮ ਚੰਦ, ਰਾਮ ਲਾਲ, ਕ੍ਰਿਸ਼ਨ ਲਾਲ, ਬਲਦੇਵ ਸਿੰਘ, ਸੁਖਮੰਦਰ ਸਿੰਘ, ਜਗਦੀਸ਼ ਸਿੰਘ, ਸੁਖਦੇਵ ਸਿੰਘ, ਅਮਰ ਸਿੰਘ ਸੁਪਰਡੈਂਟ ਲੇਬਰ, ਪਰਮਜੀਤ ਸਿੰਘ ਨਾਗੀ, ਗੁਰਦੇਵ ਸਿੰਘ ਸ਼ਾਹਕੋਟ, ਜਗਤਾਰ ਸਿੰਘ ਭੁੱਲਰ, ਜੌਹਨ, ਸ਼ੇਰ ਸਿੰਘ, ਨੱਥਾ ਸਿੰਘ, ਅਮਰ ਸਿੰਘ ਲੰਢੇਕੇ, ਨਾਹਰ ਸਿੰਘ, ਪ੍ਰਸ਼ੋਤਮ ਲਾਲ ਸਮੇਤ ਹੋਰ ਅਨੇਕਾਂ ਮੈਂਬਰ ਹਾਜ਼ਰ ਸਨ।
