ਮੋਟਰਸਾਈਕਲ ਚੋਰ ਗਿਰੋਹ ਕੋਲੋਂ ਚੋਰੀ ਦੇ 7 ਮੋਟਰਸਾਈਕਲ ਅਤੇ 10 ਮੋਬਾਇਲ ਫੋਨ ਬਰਾਮਦ

05/27/2019 4:39:46 PM

ਮੋਗਾ (ਆਜ਼ਾਦ)—ਪੁਲਸ ਨੇ ਚੋਰੀ ਦੇ 7 ਮੋਟਰਸਾਈਕਲ ਅਤੇ 10 ਮੋਬਾਇਲ ਫੋਨ ਬਰਾਮਦ ਕੀਤੇ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਕੁਲਜਿੰਦਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਪਹਾੜਾ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰਦੇ ਹੋਏ ਪੁਲ ਸੂਆ ਜ਼ੀਰਾ ਰੋਡ 'ਤੇ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਕੁੱਝ ਲੜਕੇ ਚੋਰੀ ਦੇ ਮੋਟਰਸਾਈਕਲ 'ਤੇ ਘੁੰਮ ਰਹੇ ਹਨ ਜਿਨ੍ਹਾਂ ਨੂੰ ਉਹ ਵੇਚਣਾ ਚਾਹੁੰਦੇ ਹਨ, ਜਿਸ 'ਤੇ ਉਨ੍ਹਾਂ ਇਕ ਵਿਸ਼ੇਸ਼ ਨਾਕਾਬੰਦੀ ਕੀਤੀ ਜਦੋਂ ਪੁਲਸ ਪਾਰਟੀ ਨੇ ਇਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨ ਲੜਕਿਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਉਨ੍ਹਾਂ ਕੋਲੋਂ ਮੋਟਰਸਾਈਕਲ ਦੇ ਦਸਤਾਵੇਜ਼ ਮੰਗੇ , ਉਹ ਕੋਈ ਦਸਤਾਵੇਜ਼ ਨਾ ਦਿਖਾ ਸਕੇ ਜਿਸ 'ਤੇ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਪੁਲਸ ਹਿਰਾਸਤ 'ਚ ਲੈ ਲਿਆ।

ਪੁੱਛ-ਗਿੱਛ ਕਰਨ 'ਤੇ ਉਨ੍ਹਾਂ ਆਪਣਾ ਨਾਮ ਅਰਵਿੰਦਰ ਕੁਮਾਰ ਲੱਡੂ ਨਿਵਾਸੀ ਮੁਹੱਲਾ ਮੱਲ੍ਹੀਆਂ ਜ਼ੀਰਾ, ਭਗਵਾਨ ਸਿੰਘ ਨਿਵਾਸੀ ਮੁਹੱਲਾ ਬਲਵੰਤ ਨਗਰੀ ਜ਼ੀਰਾ ਅਤੇ ਲਖਵਿੰਦਰ ਸਿੰਘ ਨਿਵਾਸੀ ਜ਼ੀਰਾ ਦੱਸਿਆ। ਪੁਲਸ ਪਾਰਟੀ ਵਲੋਂ ਪੁੱਛ-ਗਿੱਛ ਕਰਨ 'ਤੇ ਉਨ੍ਹਾਂ ਕਿਹਾ ਕਿ ਉਕਤ ਮੋਟਰਸਾਈਕਲ ਉਨ੍ਹਾਂ ਨੇ ਚੋਰੀ ਕੀਤਾ ਸੀ, ਜਿਸ 'ਤੇ ਪੁਲਸ ਪਾਰਟੀ ਵਲੋਂ ਤਿੰਨਾਂ ਦੀ ਨਿਸ਼ਾਨਦੇਹੀ 'ਤੇ ਲੰਡੇ ਕੇ ਦੇ ਕੋਲ ਇਕ ਬੇਅਬਾਦ ਜਗ੍ਹਾ 'ਚ ਬਣੇ ਕਮਰਿਆਂ 'ਚੋਂ 6 ਮੋਟਰਸਾਈਕਲ ਅਤੇ ਇਕ ਖੁੱਲਿਆ ਹੋਇਆ ਮੋਟਰਸਾਈਕਲ ਬਰਾਮਦ ਕਰ ਲਿਆ ਅਤੇ ਨਾਲ ਹੀ ਵੱਖ-ਵੱਖ ਇਲਾਕਿਆਂ 'ਚੋਂ ਖੋਹੇ ਗਏ 10 ਮੋਬਾਇਲ ਫੋਨ ਵੀ ਬਰਾਮਦ ਕੀਤੇ

ਵੱਖ-ਵੱਖ ਸ਼ਹਿਰਾਂ 'ਚੋਂ ਕੀਤੇ ਮੋਟਰਸਾਈਕਲ ਚੋਰੀ
ਡੀ. ਐੱਸ. ਪੀ. ਕੁਲਜਿੰਦਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਪੁੱਛ-ਗਿੱਛ ਕਰਨ 'ਤੇ ਉਨ੍ਹਾਂ ਕਿਹਾ ਕਿ ਉਕਤ ਮੋਟਰਸਾਈਕਲ ਉਨ੍ਹਾਂ ਮੋਗਾ ਸ਼ਹਿਰ ਦੇ ਇਲਾਵਾ ਜ਼ੀਰਾ, ਲੁਧਿਆਣਾ, ਫਿਰੋਜ਼ਪੁਰ, ਮੱਖੂ, ਮੱਲਾਂਵਾਲਾ, ਤਲਵੰਡੀ ਭਾਈ ਅਤੇ ਹੋਰ ਕਈ ਸ਼ਹਿਰਾਂ 'ਚੋਂ ਚੋਰੀ ਕੀਤੇ ਅਤੇ ਕਈ ਔਰਤਾਂ ਕੋਲੋਂ ਪਰਸ ਵੀ ਖੋਹੇ।

ਮੋਟਰਸਾਈਕਲ ਕਬਾੜੀਆਂ ਨੂੰ ਕਰਦੇ ਸਨ ਵਿੱਕਰੀ
ਡੀ. ਐੱਸ. ਪੀ. ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪੁੱਛ-ਗਿੱਛ ਕਰਨ 'ਤੇ ਗਿਰੋਹ ਦੇ ਤਿੰਨਾਂ ਮੈਂਬਰਾਂ ਨੇ ਕਿਹਾ ਕਿ ਉਹ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਕਬਾੜੀਆਂ ਕੋਲ 2500-3000 'ਚ ਵੇਚ ਦਿੰਦੇ ਸਨ। ਉਨ੍ਹਾਂ ਕਿਹਾ ਕਿ ਪੁਲਸ ਪਾਰਟੀਆਂ ਵਲੋਂ ਕਈ ਕਬਾੜੀਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ ਹੈ, ਪਰ ਉਹ ਕਾਬੂ ਨਹੀਂ ਆ ਸਕੇ। ਕਰੀਬ 10-15 ਮੋਟਰਸਾਈਕਲ ਕਬਾੜੀਆਂ ਨੂੰ ਵੇਚ ਚੁੱਕੇ ਹਨ। ਉਹ ਉਕਤ ਮੋਟਰਸਾਈਕਲ ਬੇਅਬਾਦ ਜਗ੍ਹਾ 'ਚ ਲੁਕੋ ਕੇ ਰੱਖਦੇ ਸਨ ਅਤੇ ਇਕੱਲਾ-ਇਕੱਲਾ ਲਿਆ ਕੇ ਵੇਚਦੇ ਰਹਿੰਦੇ ਸਨ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋ ਸਕੇ।

ਕਈ ਔਰਤਾਂ ਕੋਲੋਂ ਖੋਹੇ ਮੋਬਾਇਲ ਤੇ ਪਰਸ
ਡੀ. ਐੱਸ. ਪੀ. ਕੁਲਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਰਾਹ ਜਾਂਦੀਆਂ ਕਈ ਔਰਤਾਂ ਕੋਲੋਂ ਮੋਬਾਇਲ ਫੋਨ ਅਤੇ ਪਰਸ ਖੋਹੇ ਹਨ। ਮੋਬਾਇਲ ਫੋਨ ਉਹ ਸਸਤੇ ਭਾਅ 'ਚ ਲੋਕਾਂ ਨੂੰ ਵੇਚ ਦਿੰਦੇ ਸਨ। ਉਨ੍ਹਾਂ ਕਿਹਾ ਕਿ ਕਈ ਪਰਸ ਅਤੇ ਮੋਬਾਇਲ ਫੋਨ ਬਰਾਮਦ ਹੋਣੇ ਬਾਕੀ ਹਨ।
ਡੀ. ਐੱਸ. ਪੀ. ਕੁਲਜਿੰਦਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਹੋਰ ਸਾਥੀਆਂ ਦੀ ਪਛਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਕਈ ਵ੍ਹੀਕਲ ਚੋਰੀਆਂ ਅਤੇ ਲੁੱਟਾਂ-ਖੋਹਾਂ ਦੇ ਸੁਰਾਗ ਮਿਲਣ ਦੀ ਸੰਭਾਵਨਾ ਹੈ।


Shyna

Content Editor

Related News